ਨਾਕੇ ''ਤੇ ਤਾਇਨਾਤ SI ''ਤੇ ਆ ਚੜ੍ਹਿਆ ਟਰੱਕ ! ਹੋਈ ਦਰਦਨਾਕ ਮੌਤ
Thursday, Jan 08, 2026 - 02:23 PM (IST)
ਨੈਸ਼ਨਲ ਡੈਸਕ- ਬਿਹਾਰ ਦੇ ਬਾਂਕਾ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੁੱਧਵਾਰ ਰਾਤ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਡਿਊਟੀ 'ਤੇ ਤਾਇਨਾਤ ਪੁਲਸ ਸਬ-ਇੰਸਪੈਕਟਰ ਪੁਰੇਂਦਰ ਕੁਮਾਰ ਸਿੰਘ ਨੂੰ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਅਧਿਕਾਰੀ ਪੰਜਵਾੜਾ ਪੁਲਸ ਸਟੇਸ਼ਨ ਵਿੱਚ ਤਾਇਨਾਤ ਸਨ।
ਬਾਂਕਾ ਦੇ ਐੱਸ.ਪੀ. ਉਪੇਂਦਰ ਨਾਥ ਵਰਮਾ ਅਨੁਸਾਰ, ਇਹ ਹਾਦਸਾ ਧੂਰੀਆ ਚੌਕ ਦੇ ਨੇੜੇ ਵਾਪਰਿਆ। ਐੱਸ.ਆਈ. ਸਿੰਘ ਹੋਰ ਸੁਰੱਖਿਆ ਕਰਮਚਾਰੀਆਂ ਨਾਲ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਇੱਕ ਤੇਜ਼ ਰਫ਼ਤਾਰ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਉਨ੍ਹਾਂ ਉੱਪਰ ਟਰੱਕ ਚੜ੍ਹਾ ਦਿੱਤਾ ਅਤੇ ਫ਼ਰਾਰ ਹੋ ਗਿਆ।
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੱਕ ਦਾ ਪਿੱਛਾ ਕੀਤਾ ਅਤੇ ਡਰਾਈਵਰ ਤੇ ਉਸ ਦੇ ਹੈਲਪਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਰੇਂਦਰ ਕੁਮਾਰ ਸਿੰਘ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
