ਮਮਤਾ ਬੈਨਰਜੀ ਨੂੰ ਹਰਾਉਣ ''ਚ ਨਾਕਾਮ ਰਿਹਾ ਤਾਂ ਸਿਆਸਤ ਛੱਡ ਦੇਵਾਂਗਾ : ਸ਼ੁਭੇਂਦੂ ਅਧਿਕਾਰੀ
Friday, Apr 21, 2023 - 11:17 AM (IST)
ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਵੀਰਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ’ਚ ਅਸਫਲ ਰਹੇ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਅਧਿਕਾਰੀ ਨੇ ਕਿਹਾ, ਤੁਸੀਂ (ਮਮਤਾ ਬੈਨਰਜੀ) ਨੇ ਸੋਮਵਾਰ ਨੂੰ ਮੈਨੂੰ ਡਕੈਤ ਕਿਹਾ ਹੈ। ਤੁਸੀਂ ਦਾਅਵਾ ਕੀਤਾ ਸੀ ਕਿ ਅਮਿਤ ਸ਼ਾਹ ਨੇ ਬੰਦ ਕਮਰਾ ਮੀਟਿੰਗ ’ਚ ਭਾਜਪਾ ਆਗੂਆਂ ਨੂੰ ਸੂਬੇ ’ਚ ਦੰਗੇ ਕਰਵਾਉਣ ਦਾ ਨਿਰਦੇਸ਼ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਮਮਤਾ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਅਮਿਤ ਸ਼ਾਹ ਨੇ ਅਜਿਹਾ ਕਿਹਾ ਹੈ ਨਹੀਂ ਤਾਂ ਉਹ ਰਾਮ ਨੌਮੀ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਾਸ਼ਣ ਖਿਲਾਫ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਕਿਹਾ, ਤੁਹਾਨੂੰ ਮੇਰਾ ਨਾਮ ਲੈਣਾ ਬਹੁਤ ਮੁਸ਼ਕਲ ਲੱਗਦਾ ਹੈ ਕਿਉਂਕਿ ਮੈਂ ਤੁਹਾਨੂੰ ਹਰਾਇਆ ਹੈ। ਤੁਸੀਂ ਹੁਣ ਦਿਨ ਗਿਣਨਾ ਸ਼ੁਰੂ ਕਰ ਦਿਓ, ਜੇਕਰ ਮੈਂ ਤੁਹਾਨੂੰ ਸਾਬਕਾ ਮੁੱਖ ਮੰਤਰੀ ਨਾ ਬਣਾ ਸਕਿਆ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ। ਅਧਿਕਾਰੀ ਨੇ ਮਮਤਾ ਨੂੰ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਦੀ ਚੁਣੌਤੀ ਦਿੱਤੀ।