ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਜਾਰੀ ਕੀਤਾ ਮੈਨਿਊ, ਜਾਣੋ ਇਸ ਵਾਰ ਲੰਗਰ 'ਚ ਖਾਣ ਨੂੰ ਕੀ-ਕੀ ਮਿਲੇਗਾ?

Thursday, May 04, 2023 - 03:09 PM (IST)

ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਜਾਰੀ ਕੀਤਾ ਮੈਨਿਊ, ਜਾਣੋ ਇਸ ਵਾਰ ਲੰਗਰ 'ਚ ਖਾਣ ਨੂੰ ਕੀ-ਕੀ ਮਿਲੇਗਾ?

ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੌਰਾਨ ਤੀਰਥ ਯਾਤਰੀਆਂ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ 'ਲੰਗਰ' (ਭਾਈਚਾਰਕ ਰਸੋਈ) ਵਿਚ ਮਨਜ਼ੂਰੀ ਪ੍ਰਾਪਤ ਅਤੇ ਪਾਬੰਦੀਸ਼ੁਦਾ ਭੋਜਨ ਅਤੇ ਖਾਧ ਪਦਾਰਥਾਂ ਦੀ ਸੂਚੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਈਨ ਬੋਰਡ ਦਾ ਧਿਆਨ ਸ਼ਰਧਾਲੂਆਂ ਦੀ ਸਿਹਤ 'ਤੇ ਹੈ ਅਤੇ ਇਸ ਦੇ ਮੱਦੇਨਜ਼ਰ ਲੰਗਰ ਸੰਸਥਾਵਾਂ ਨੂੰ ਸ਼ਰਧਾਲੂਆਂ ਨੂੰ ਸਿਰਫ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਹੀ ਪਰੋਸਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ,"ਜੰਕ ਅਤੇ ਤਲੇ ਹੋਏ ਭੋਜਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਗੁਫ਼ਾ ਮੰਦਰ ਵੱਲ ਜਾਣ ਵਾਲੇ 2 ਮਾਰਗਾਂ 'ਤੇ ਤੀਰਥ ਯਾਤਰੀਆਂ ਲਈ ਇਸ ਸਾਲ ਲਗਾਏ ਜਾਣ ਵਾਲੇ ਲਗਭਗ 120 ਲੰਗਰਾਂ ਵਿਚ ਸਿਰਫ਼ ਪੌਸ਼ਟਿਕ ਭੋਜਨ ਹੀ ਪਰੋਸਿਆ ਜਾਵੇਗਾ।" ਇਕ ਅਧਿਕਾਰੀ ਨੇ ਦੱਸਿਆ ਕਿ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਯਾਤਰਾ ਮਿਆਦ ਦੌਰਾਨ ਖੁੱਲ੍ਹੇ ਰਹਿਣ ਵਾਲੇ ਸਾਰੇ ਲੰਗਰ ਸੰਗਠਨਾਂ, ਭੋਜਨ ਸਟਾਲਾਂ, ਦੁਕਾਨਾਂ 'ਤੇ ਲਾਗੂ ਹੋਣ ਵਾਲਾ ਮੈਨਿਊ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਗਾਂਦਰਬਲ ਅਤੇ ਅਨੰਤਨਾਗ ਦੇ ਜ਼ਿਲ੍ਹਾ ਅਧਿਕਾਰੀ ਕਾਰਵਾਈ ਯਕੀਨੀ ਬਣਾਉਣਗੇ।

ਮੈਨਿਊ 'ਚ ਸ਼ਾਮਲ ਹਨ ਇਹ ਚੀਜ਼ਾਂ

ਅਧਿਕਾਰੀਆਂ ਨੇ ਦੱਸਿਆ ਕਿ ਮੈਨਿਊ 'ਚ ਅਨਾਜ, ਦਾਲਾਂ, ਹਰੀਆਂ ਸਬਜ਼ੀਆਂ, ਆਲੂ, ਸਾਗ, ਨਿਊਟ੍ਰੇਲਾ ਸੋਇਆ ਚੰਕਸ, ਵੇਸਣ ਕੜੀ, ਸਾਦੀ ਦਾਲ, ਹਰਾ ਸਲਾਦ, ਫ਼ਲ ਅਤੇ ਪੁੰਗਰਿਆਂ ਅਨਾਜ, ਸਾਦੇ ਚੌਲ, ਜ਼ੀਰਾ ਚੌਲ, ਖਿੱਚੜੀ ਅਤੇ ਨਿਊਟ੍ਰੇਲਾ ਚੌਲ, ਰੋਟੀ/ਫੁਲਕਾ, ਦਾਲ ਰੋਟੀ, ਮਿੱਸੀ ਰੋਟੀ, ਮੱਕੇ ਦੀ ਰੋਟੀ (ਬਿਨਾਂ ਤੇਲ ਅਤੇ ਮੱਖਣ ਦੇ), ਤੰਦੂਰੀ ਰੋਟੀ, ਬਰੈੱਡ, ਕੁਲਚਾ, ਡਬਲ ਰੋਟੀ, ਰਸ, ਚਾਕਲੇਟ, ਬਿਸਕੁਟ, ਭੁੰਨੇ ਹੋਏ ਛੋਲੇ ਅਤੇ ਗੁੜ, ਸਾਂਬਰ, ਇਡਲੀ, ਉਤਪਮ, ਪੋਹਾ, ਵੈਜੀਟੇਬਲ ਸੈਂਡਵਿਚ (ਬਿਨਾਂ ਕਰੀਮ, ਮੱਖਣ, ਪਨੀਰ ਦੇ), ਬਰੈੱਡ ਜੈਮ, ਕਸ਼ਮੀਰੀ ਨਾਨ (ਗਿਰਦਾ) ਅਤੇ ਵੈਜੀਟੇਬਲ ਮੋਮੋਜ਼, ਹਰਬਲ ਚਾਹ, ਕੌਫੀ, ਘੱਟ ਚਰਬੀ ਵਾਲਾ ਦਹੀਂ, ਸ਼ਰਬਤ, ਲੇਮਨ, ਲੋਅ ਫੈਟ ਮਿਲਕ, ਫਰੂਟ ਜੂਸ, ਵੈਜੀਟੇਬਲ ਸੂਪ ਅਤੇ ਬੋਤਲਬੰਦ ਪਾਣੀ ਸ਼ਾਮਲ ਹੈ। ਇਸ ਤੋਂ ਇਲਾਵਾ ਗਲੂਕੋਜ (ਮਾਨਕ ਪੈਕੇਟ ਦੇ ਰੂਪ 'ਚ), ਖੀਰ (ਚੌਲ, ਸਾਬੂਦਾਨਾ), ਸਫੈਦ ਦਲੀਆ, ਅੰਜੀਰ, ਕਿਸ਼ਮਿਸ਼, ਖੁਬਾਨੀ ਅਤੇ ਹੋਰ ਸੁੱਕੇ ਮੇਵੇ (ਸਿਰਫ਼ ਭੁੰਨੇ ਹੋਏ, ਕੱਚੇ), ਸ਼ਹਿਦ, ਉਬਲੀ ਹੋਈ ਮਠਿਆਈ (ਕੈਂਡੀ), ਭੁੰਨਿਆ ਹੋਇਆ ਪਾਪੜ, ਤਿਲ ਦਾ ਲੱਡੂ, ਸੁੱਕਾ ਪੇਠਾ, ਆਂਵਲਾ ਅਤੇ ਹਰੇ ਨਾਰੀਅਲ ਵਰਗੀ ਖਾਧ ਸਮੱਗਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 

ਇਨ੍ਹਾਂ ਚੀਜ਼ਾਂ 'ਤੇ ਲੱਗੀ ਪਾਬੰਦੀ 

ਇਸ ਵਿਚ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਵਸਤੂਆਂ 'ਚ ਸਾਰੇ ਮਾਸਾਹਾਰੀ ਭੋਜਨ, ਸ਼ਰਾਬ, ਤੰਬਾਕੂ, ਗੁਟਕਾ, ਪਾਨ ਮਸਾਲਾ, ਸਿਗਰਟਨੋਸ਼ੀ, ਹੋਰ ਨਸ਼ੀਲੇ ਪਦਾਰਥ, ਤਲੇ ਹੋਏ ਚੌਲ, ਪੂੜੀ, ਪਿੱਜ਼ਾ, ਬਰਗਰ, ਭਰਵਾਂ ਪਰਾਂਠਾ, ਡੋਸਾ ਅਤੇ ਤਲੀ ਹੋਈ ਰੋਟੀ ਅਤੇ ਮੱਖਣ ਸ਼ਾਮਲ ਹਨ। ਇਸ ਤੋਂ ਇਲਾਵਾ ਕ੍ਰੀਮ ਆਧਾਰਤ ਭੋਜਨ, ਅਚਾਰ, ਚਟਨੀ, ਤਲੇ ਹੋਏ ਪਾਪੜ, ਚਾਊਮਿਨ ਅਤੇ ਹੋਰ ਸਾਰੇ ਤਲੇ ਹੋਏ ਫਾਸਟ ਫੂਡ, ਕੋਲਡ ਡਰਿੰਕਸ, ਕੜਾਹ, ਹਲਵਾ, ਜਲੇਬੀ, ਗੁਲਾਬ ਜਾਮੁਨ, ਲੱਡੂ ਖੋਆ ਬਰਫ਼ੀ, ਰਸਗੁੱਲਾ ਅਤੇ ਹੋਰ ਸਾਰੀਆਂ ਹਲਵਾਈ ਆਈਮ, ਪਕੌੜੇ, ਸਮੋਸੇ, ਤਲੇ ਹੋਏ ਸੁੱਕੇ ਮੇਵੇ ਅਤੇ ਹੋਰ ਸਾਰੇ ਡੀਪ ਫ੍ਰਾਈਡ ਆਈਟਮ ਸ਼ਾਮਲ ਹਨ। ਸਾਲ 2022 'ਚ, 43 ਦਿਨਾ ਯਾਤਰਾ 30 ਜੂਨ ਤੋਂ ਸ਼ੁਰੂ ਹੋਈ ਅਤੇ 11 ਅਗਸਤ ਰੱਖੜੀ ਮੌਕੇ ਸਮਾਪਤ ਹੋਈ ਸੀ। ਪਿਛਲੇ ਸਾਲ ਕੁੱਲ 3.65 ਲੱਖ ਤੀਰਥ ਯਾਤਰੀਆਂ ਨੇ ਅਮਰਨਾਥ ਗੁਫ਼ਾ ਦੇ ਦਰਸ਼ਨ ਕੀਤੇ। ਇਹ ਅੰਕੜਾ ਪਿਛਲੇ 5 ਸਾਲਾਂ 'ਚ ਸਭ ਤੋਂ ਵੱਧ ਸੀ। ਯਾਤਰਾ ਦੌਰਾਨ ਹਾਲਾਂਕਿ ਜੁਲਾਈ 'ਚ ਬੱਦਲ ਫਟਣ ਕਾਰਨ 16 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹੋ ਗਏ। ਇਸ ਕਾਰਨ ਯਾਤਰਾ ਤਿੰਨ ਦਿਨ ਤੱਕ ਮੁਲਤਵੀ ਰੱਖਣੀ ਪਈ ਸੀ।


author

DIsha

Content Editor

Related News