ਜੰਮੂ-ਕਸ਼ਮੀਰ : ਫੌਜ ਨੂੰ ਮਿਲੀ ਵੱਡੀ ਸਫਲਤਾ, 4 ਅੱਤਵਾਦੀ ਢੇਰ

06/23/2019 12:35:30 PM

ਸ਼ੋਪੀਆਂ— ਜੰਮੂ-ਕਸ਼ਮੀਰ 'ਚ ਲਗਾਤਾਰ ਦੂਜੇ ਦਿਨ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਅੱਤਵਾਦੀਆਂ ਦੇ ਮਨਸੂਬਿਆਂ 'ਤੇ ਪਾਣੀ ਫੇਰਿਆ ਹੈ। ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਐਤਵਾਰ ਨੂੰ ਘਾਟੀ ਵਿਚ ਘੁਸਪੈਠ ਕਰਨ ਵਾਲੇ 4 ਅੱਤਵਾਦੀਆਂ ਨੂੰ ਜਵਾਨਾਂ ਨੇ ਢੇਰ ਕਰ ਦਿੱਤਾ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਸ਼ੌਕਤ ਅਹਿਮਦ, ਅਹਿਮਦ ਖਾਂਡੇ, ਸੁਹੈਲ ਯੁਸੂਫ ਅਤੇ ਰਫੀ ਹਸਨ ਮੀਰ ਦੇ ਤੌਰ 'ਤੇ ਹੋਈ ਹੈ। ਮੁਕਾਬਲਾ ਅਜੇ ਜਾਰੀ ਹੈ। ਦੱਸਣਯੋਗ ਹੈ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ 'ਤੇ ਸ਼ੋਪੀਆਂ ਦੇ ਦਾਰਮਦੋਰਾ ਇਲਾਕੇ ਵਿਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ।  ਤਲਾਸ਼ੀ ਮੁਹਿੰਮ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਕ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਮੁਹਿੰਮ ਵਿਚ 4 ਅੱਤਵਾਦੀ ਮਾਰੇ ਗਏ। ਓਧਰ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਅਤੇ ਉਨ੍ਹਾਂ ਦੇ ਹਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸੰਗਠਨ ਬਾਰੇ ਪਤਾ ਲਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ਵਿਚ ਬਾਰੀਆਨ ਵਿਚ ਸੁਰੱਖਿਆ ਫੋਰਸ ਨੇ ਇਕ ਅੱਤਵਾਦੀ ਨੂੰ ਢੇਰ ਕੀਤਾ ਸੀ। ਬਾਰਾਮੂਲਾ ਜ਼ਿਲੇ ਦੇ ਇਸ ਹਿੱਸੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲਦੇ ਹੀ ਭਾਰਤੀ ਫੌਜ, ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਜੰਮੂ-ਕਸ਼ਮੀਰ ਪੁਲਸ ਦੀ ਸਾਂਝੀ ਟੀਮ ਨੇ ਇਲਾਕੇ 'ਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਸੀ। ਅੱਤਵਾਦੀਆਂ ਵਲੋਂ ਗੋਲੀਬਾਰੀ ਹੋਣ 'ਤੇ ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਮਾਰਿਆ ਗਿਆ ਸੀ।


Related News