ਚਾਚਾ ਸ਼ਿਵਪਾਲ ਨੇ ਅਖਿਲੇਸ਼ ਨੂੰ ਮੰਨਿਆ ਆਪਣਾ ਨੇਤਾ, ਪ੍ਰਸਪਾ ਦਾ ਸਪਾ ’ਚ ਰਲੇਵਾਂ
Friday, Dec 09, 2022 - 01:10 PM (IST)

ਲਖਨਊ (ਨਾਸਿਰ)– ਮੈਨਪੁਰੀ ਲੋਕ ਸਭਾ ਸੀਟ ’ਤੇ ਉੱਪ ਚੋਣ ਦੀ ਜਿੱਤ ਨੇ ਇਕ ਵਾਰ ਫਿਰ ਸੈਫਈ ਦੇ ਯਾਦਵ ਪਰਿਵਾਰ ਨੂੰ ਇਕ ਕਰ ਦਿੱਤਾ। ਇਸ ਇਤਿਹਾਸਿਕ ਜਿੱਤ ਨਾਲ ਚਾਚਾ-ਭਤੀਜੇ ਦੀ ਆਪਸੀ ਖਿੱਚੋਤਾਣ ਦੂਰ ਹੋ ਗਈ। ਇਸ ਦੌਰਾਨ ਸ਼ਿਵਪਾਲ ਸਿੰਘ ਯਾਦਵ ਨੇ ਆਪਣੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਪ੍ਰਸਪਾ) ਦਾ ਸਪਾ ’ਚ ਰਲੇਵਾਂ ਕਰ ਦਿੱਤਾ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਆਪਣਾ ਨੇਤਾ ਮੰਨ ਲਿਆ।
ਪ੍ਰਸਪਾ ਦਾ ਸਪਾ ’ਚ ਰਲੇਵਾਂ ਕਰਨ ਦੇ ਐਲਾਨ ’ਤੇ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਮੇਰੀ ਗੱਡੀ ’ਚ ਹੁਣ ਸਪਾ ਦਾ ਝੰਡਾ ਰਹੇਗਾ। ਮੈਨੂੰ ਸਹੀ ਸਮੇਂ ਦਾ ਇੰਤਜ਼ਾਰ ਸੀ। ਪਰਿਵਾਰ ਅਤੇ ਜਨਤਾ ਦੀ ਮੰਗ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੈਨਪੁਰੀ ਉੱਪ ਚੋਣ ’ਚ ਸਪਾ ਦੀ ਜਿੱਤ ਭਾਜਪਾ ਲਈ ਸਖਤ ਸੰਦੇਸ਼ ਹੈ। ਸ਼ਿਵਪਾਲ ਸਿੰਘ ਯਾਦਵ ਮੈਨਪੁਰੀ ’ਚ ਡਿੰਪਲ ਯਾਦਵ ਦੀ ਜਿੱਤ ਦੇ ਸੂਤਰਧਾਰ ਰਹੇ ਹਨ।