ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਕਾਬੁਲ ਗੁਰਦੁਆਰਾ ਹਮਲੇ ਦੀ ਨਿੰਦਾ, ਵਿਦੇਸ਼ ਮੰਤਰਾਲਾ ਨੂੰ ਕੀਤੀ ਇਹ ਅਪੀਲ
Monday, Jun 20, 2022 - 10:51 PM (IST)
ਨਵੀਂ ਦਿੱਲੀ (ਬਿਊਰੋ) : ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਬੀਤੇ ਦਿਨੀਂ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਨਵੀਂ ਦਿੱਲੀ ’ਚ ਵਿਦੇਸ਼ ਮੰਤਰਾਲੇ ਨੂੰ ਅਫ਼ਗਾਨਿਸਤਾਨ ਤੋਂ ਬਾਕੀ ਰਹਿੰਦੇ ਸਿੱਖਾਂ ਨੂੰ ਤੁਰੰਤ ਬਾਹਰ ਕੱਢਣ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਕਿਸੇ ਗੁਰਦੁਆਰਾ ਸਾਹਿਬ ’ਤੇ ਦੋ ਸਾਲਾਂ ’ਚ ਇਹ ਦੂਜਾ ਅੱਤਵਾਦੀ ਹਮਲਾ ਹੈ। ਪਹਿਲਾਂ 2020 ’ਚ ਗੁਰਦੁਆਰਾ ਹਰਿ ਰਾਏ ਸਾਹਿਬ ’ਚ ਅੱਤਵਾਦੀ ਹਮਲਾ ਹੋਇਆ ਸੀ ਤੇ ਹੁਣ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ’ਚ ਹਮਲਾ ਹੋਇਆ।
ਇਹ ਵੀ ਪੜ੍ਹੋ : ਸੰਗਰੂਰ ’ਚ ਰੋਡ ਸ਼ੋਅ ਦੌਰਾਨ ਬੋਲੇ ਕੇਜਰੀਵਾਲ, ਕਿਹਾ-ਸਰਕਾਰ ਪੰਜਾਬ ’ਚੋਂ ਭ੍ਰਿਸ਼ਟਾਚਾਰ ਦਾ ਕਰ ਰਹੀ ਸਫ਼ਾਇਆ
ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਅਜੇ ਵੀ 165 ਸਿੱਖ ਬਚੇ ਹਨ। ਅਸੀਂ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਉਨ੍ਹਾਂ ਸਾਰੇ ਸਿੱਖ ਅਫ਼ਗਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਤੁਰੰਤ ਕਦਮ ਚੁੱਕਣ। ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਕਰਤੇ ਪਰਵਾਨ ’ਤੇ ਸ਼ਨੀਵਾਰ ਦੇ ਘਿਨੌਣੇ ਹਮਲੇ ਨੇ ਇਕ ਵਾਰ ਫਿਰ ਇਹ ਦਰਸਾ ਦਿੱਤਾ ਕਿ ਸਿੱਖਾਂ ਵਰਗੀਆਂ ਘੱਟਗਿਣਤੀਆਂ ਅਫਗਾਨਿਸਤਾਨ ’ਚ ਪਹਿਲਾਂ ਵਾਂਗ ਹੀ ਕਮਜ਼ੋਰ ਹਨ, ਇਸ ਲਈ ਅਸੀਂ ਭਾਰਤ ਸਰਕਾਰ ਨੂੰ ਅਫ਼ਗਾਨਿਸਤਾਨ ਤੋਂ ਸਿੱਖਾਂ ਦੀ ਨਿਕਾਸੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੀ ਅਪੀਲ ਕਰਦੇ ਹਾਂ।