ਸ਼ਿਮਲਾ ਪੁਲਸ ਨੇ 16 ਲਾਪਤਾ ਨਾਬਾਲਗਾਂ ਦਾ 48 ਘੰਟਿਆਂ ਅੰਦਰ ਲਗਾਇਆ ਪਤਾ, ਘਰ ਛੱਡਣ ਦੀ ਦੱਸੀ ਇਹ ਵਜ੍ਹਾ

05/22/2023 5:00:08 PM

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਤੋਂ ਇਸ ਸਾਲ ਹੁਣ ਤੱਕ ਲਾਪਤਾ ਹੋਈਆਂ 17 ਨਾਬਾਲਗਾਂ 'ਚੋਂ 16 ਦਾ ਤਕਨਾਲੋਜੀ ਦੀ ਮਦਦ ਨਾਲ 48 ਘੰਟਿਆਂ ਅੰਦਰ ਪਤਾ ਲਗਾ ਲਿਆ ਗਿਆ। ਇਨ੍ਹਾਂ ਤਕਨਾਲੋਜੀਆਂ 'ਚ ਕਾਲ ਰਿਕਾਰਡ ਦੇ ਵੇਰਵੇ, 'ਆਈ.ਪੀ. ਅਡ੍ਰੈੱਸ' ਦੀ ਮਦਦ ਆਦਿ ਸ਼ਾਮਲ ਹਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਕ ਜਨਵਰੀ ਤੋਂ 20 ਮਈ ਦਰਮਿਆਨ 153 ਲੋਕ ਲਾਪਤਾ ਹੋਏ ਸਨ, ਜਿਨ੍ਹਾਂ 'ਚ 13 ਕੁੜੀਆਂ ਅਤੇ ਚਾਰ ਮੁੰਡੇ ਸ਼ਾਮਲ ਹਨ ਅਤੇ ਇਨ੍ਹਾਂ 'ਚੋਂ 132 ਲੋਕਾਂ ਦਾ ਪਤਾ ਲਗਾ ਲਿਆ ਗਿਆ ਹੈ। ਪੁਲਸ ਦੀ ਸਾਈਬਰ ਤਕਨਾਲੋਜੀ ਸਹਾਇਤਾ ਟੀਮ ਨੇ ਫ਼ੋਨ ਕਾਲ ਦੇ ਰਿਕਾਰਡ, ਸੋਸ਼ਲ ਮੀਡੀਆ, 'ਆਈ.ਪੀ. ਅਡ੍ਰੈੱਸ' ਆਦਿ ਦੀ ਮਦਦ ਨਾਲ ਨਾਬਾਲਗਾਂ ਦਾ ਪਤਾ ਲਗਾਇਆ। 

ਪੁਲਸ ਨੇ ਦੱਸਿਆ ਕਿ ਲਾਪਤਾ ਬੱਚਿਆਂ ਅਤੇ ਬਾਲਗਾਂ ਦੇ ਸੰਬੰਧ 'ਚ ਜਾਂਚ ਅਤੇ ਮੁਲਾਂਕਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੀਲੇ ਪਦਾਰਥਾਂ ਦਾ ਆਦੀ ਹੋਣਾ, ਪੜ੍ਹਾਈ ਦਾ ਬੋਝ, ਪ੍ਰੀਖਿਆ 'ਚ ਫ਼ੇਲ ਹੋਣਾ, ਪਰਿਵਾਰ ਨਾਲ ਚੰਗਾ ਤਾਲਮੇਲ ਨਹੀਂ ਹੋਣਾ ਆਦਿ ਕੁਝ ਅਜਿਹੇ ਕਾਰਨ ਹਨ, ਜਿਨ੍ਹਾਂ ਕਾਰਨ ਬੱਚੇ ਘਰ ਛੱਡ ਕੇ ਚੱਲੇ ਜਾਂਦੇ ਹਨ। ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਕਿਹਾ ਕਿ ਲਾਪਤਾ ਬੱਚਿਆਂ ਅਤੇ ਨੌਜਵਾਨਾਂ ਦੇ ਅਪਰਾਧ ਦੇ ਰਸਤੇ 'ਚ ਵਧਣ ਦਾ ਖ਼ਦਸ਼ਾ ਹੁੰਦਾ ਹੈ ਅਤੇ ਉਨ੍ਹਾ ਦਾ ਪਤਾ ਲਗਾਉਣ 'ਚ ਦੇਰੀ ਨਾਲ ਕੋਈ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਿਮਲਾ ਪੁਲਸ ਨਾਬਾਲਗਾਂ ਦਾ ਪਤਾ ਲਗਾਉਣ ਲਈ ਤਕਨਾਲੋਜੀ ਦੀ ਮਦਦ ਲੈ ਰਹੀ ਹੈ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ (95 ਫ਼ੀਸਦੀ) ਨੂੰ 48 ਘੰਟਿਆਂ ਅੰਦਰ ਲੱਭ ਲਿਆ ਗਿਆ ਹੈ।


DIsha

Content Editor

Related News