ਸ਼ਿਮਲਾ: ਘਰ ''ਚ ਅੱਗ ਲੱਗਣ ਕਾਰਨ ਨਾਬਾਲਗ ਮੁੰਡੇ ਦੀ ਮੌਤ, 7 ਝੁਲਸੇ
Wednesday, Feb 15, 2023 - 03:04 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ-ਡਿਵੀਜਨ 'ਚ ਦੋ ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਨਾਲ ਇਕ ਨਾਬਾਲਗ ਮੁੰਡੇ ਦੀ ਮੌਤ ਹੋ ਗਈ ਅਤੇ 7 ਹੋਰ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟੋਡਸਾ ਪਿੰਡ ਵਾਸੀ ਸੋਹਨ ਲਾਲ ਦੇ ਦੋ ਮੰਜ਼ਿਲਾ ਘਰ 'ਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਅੱਗ ਲੱਗ ਗਈ। ਅਧਿਕਾਰੀ ਮੁਤਾਬਕ ਨਾਬਾਲਗ ਮੁੰਡੇ ਦੀ ਮੌਤ ਹਸਪਤਾਲ ਲੈ ਕੇ ਜਾਣ ਦੌਰਾਨ ਹੋਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੈ।
ਉੱਥੇ ਹੀ ਇਕ ਹੋਰ ਘਟਨਾ ਵਿਚ ਕੁਮਾਰਸੇਨ ਸਬ-ਡਿਵੀਜਨ ਸਥਿਤ ਇਕ ਬਹੁ-ਮੰਜ਼ਿਲਾ ਇਮਾਰਤ ਵਿਚ ਤੜਕੇ ਅੱਗ ਲੱਗਣ ਨਾਲ ਲੱਕੜ ਦਾ ਡਿਪੋ ਸੜ ਕੇ ਖਾਕ ਹੋ ਗਿਆ। ਅਧਿਕਾਰੀਆਂ ਮੁਤਾਬਕ ਅੱਗ ਸਵੇਰੇ ਕਰੀਬ ਸਾਢੇ 5 ਵਜੇ ਲੱਗੀ। ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਗ਼ਨੀਨਤ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।