ਕਾਂਗਰਸ ਨੂੰ ਲੋੜ ਨਹੀਂ ਤਾਂ ਮੇਰੇ ਕੋਲ ਬਦਲ ਮੌਜੂਦ : ਥਰੂਰ
Sunday, Feb 23, 2025 - 09:06 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਰਲ ਦੀ ਖੱਬੇ-ਪੱਖੀ ਲੋਕਤੰਤਰਿਕ ਮੋਰਚਾ (ਐੱਲ. ਡੀ. ਐੱਫ.) ਸਰਕਾਰ ਦੀ ਸ਼ਲਾਘਾ ਨਾਲ ਵਿਸ਼ੇਸ਼ ਚਰਚਾ ’ਚ ਆਏ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਇਹ ਕਹਿ ਕੇ ਹੁਣ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਪਾਰਟੀ ਲਈ ਉਹ ਹਰ ਵੇਲੇ ਹਾਜ਼ਰ ਹਨ ਪਰ ਜੇਕਰ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੈ ਤਾਂ ਉਨ੍ਹਾਂ ਕੋਲ ‘ਬਦਲ’ ਮੌਜੂਦ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਨੇ ਇਹ ਬਿਆਨ ਮਲਿਆਲੀ ਭਾਸ਼ਾ ਦੇ ਇਕ ਸੋਸ਼ਲ ਮੀਡੀਆ ਮੰਚ ਨੂੰ ਦਿੱਤਾ ਹੈ। ਇਸ ਬਿਆਨ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ਛੱਡਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ, ਹਾਲਾਂਕਿ ਉਨ੍ਹਾਂ ਨੇ ਇਸ ਦਾ ਖੰਡਨ ਕੀਤਾ ਹੈ। ਥਰੂਰ ਨੇ ਹਾਲ ’ਚ ਮੋਦੀ ਦੀ ਅਮਰੀਕਾ ਯਾਤਰਾ ਦੀ ਸ਼ਲਾਘਾ ਕਰਨ ਦੇ ਨਾਲ ਹੀ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਅਗਵਾਈ ਵਾਲੀ ਐੱਲ. ਡੀ. ਐੱਫ. ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ, ਜਿਸ ਕਾਰਨ ਸਿਆਸੀ ਗਲਿਆਰਿਆਂ ’ਚ ਉਨ੍ਹਾਂ ਦੇ ਕਾਂਗਰਸ ਛੱਡਣ ਦੀਆਂ ਅਟਕਲਾਂ ਵਧ ਗਈਆਂ ਸਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਖਿਲਾਫ ਚੋਣ ਲੜਨ ਤੋਂ ਬਾਅਦ ਹੀ ਵੱਖ ਨਜ਼ਰ ਆ ਰਹੇ ਤਿਰੂਵਨੰਤਪੁਰਮ ਤੋਂ ਚੌਥੀ ਵਾਰ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਪੁੱਜੇ ਸ਼ਸ਼ੀ ਥਰੂਰ ਨੇ ਪਾਰਟੀ ਨੇਤਾ ਰਾਹੁਲ ਗਾਂਧੀ ਤੋਂ ਵੀ ਆਪਣੀ ਭੂਮਿਕਾ ਤੈਅ ਕਰਨ ਨੂੰ ਲੈ ਕੇ ਗੱਲ ਕੀਤੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।