ਹਿਮਾਚਲ ’ਚ ਰਾਕੇਸ਼ ਟਿਕੈਤ ਨਾਲ ਉਲਝਿਅਾ ਅਾੜ੍ਹਤੀ, ਧੱਕਾ-ਮੁੱਕੀ
Sunday, Aug 29, 2021 - 10:23 AM (IST)
ਸੋਲਨ (ਬਿਊਰੋ)– ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਸ਼ਨੀਵਾਰ ਨੂੰ ਸੋਲਨ ਸਥਿਤ ਸਬਜ਼ੀ ਮੰਡੀ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਅਾ। ਸ਼ਿਮਲਾ ਜਾਣ ਦੌਰਾਨ ਟਿਕੈਤ ਸੋਲਨ ਵਿਚ ਰੁਕੇ ਤਾਂ ਉਥੇ ਉਨ੍ਹਾਂ ਦੇ ਹਮਾਇਤੀ ਨਾਅਰੇਬਾਜ਼ੀ ਕਰਨ ਲੱਗ ਪਏ। ਇਸੇ ਦੌਰਾਨ ਉਥੇ ਇਕ ਸਥਾਨਕ ਸਬਜ਼ੀ ਮੰਡੀ ਦਾ ਅਾੜ੍ਹਤੀ ਵਿੱਕੀ ਚੌਹਾਨ ਅਾਪਣੇ ਸਾਥੀਅਾਂ ਨਾਲ ਪੁੱਜਾ ਅਤੇ ਨਾਅਰੇਬਾਜ਼ੀ ਬੰਦ ਕਰਨ ਨੂੰ ਕਹਿਣ ਲੱਗਾ। ਉਸ ਦਾ ਕਹਿਣਾ ਸੀ ਕਿ ਸੇਬ ਮੰਡੀ ਦੇ ਮੁੱਖ ਦਰਵਾਜ਼ੇ ’ਤੇ ਗੱਡੀਅਾਂ ਅਤੇ ਲੋਕਾਂ ਦੇ ਜਮਾਵੜੇ ਕਾਰਨ ਸੇਬ ਦੀਅਾਂ ਗੱਡੀਅਾਂ ਉਨ੍ਹਾਂ ਦੀ ਦੁਕਾਨ ਤੱਕ ਨਹੀਂ ਪੁੱਜ ਰਹੀਅਾਂ। ਇਹ ਨਾਅਰੇਬਾਜ਼ੀ ਦਿੱਲੀ ਵਿਚ ਕਰੋ। ਇਥੇ ਕਰਨ ਦੀ ਲੋੜ ਨਹੀਂ ਹੈ। ਰਾਕੇਸ਼ ਟਿਕੈਤ ਨੇ ਜਦੋਂ ਇਹ ਗੱਲ ਸੁਣੀ ਤਾਂ ਵਿੱਕੀ ਚੌਹਾਨ ਨੂੰ ਅਾਪਣੇ ਕੋਲ ਬੁਲਾਇਅਾ ਅਤੇ ਪੁੱਛਿਅਾ ਕਿ ਕੀ ਸਮੱਸਿਅਾ ਹੈ। ਇਹ ਅਾੜ੍ਹਤੀ ਟਿਕੈਤ ਨਾਲ ਉਲਝ ਗਿਅਾ। ਇਹੀ ਨਹੀਂ ਬਹਿਸਬਾਜ਼ੀ ਦੌਰਾਨ ਧੱਕਾ-ਮੁੱਕੀ ਵੀ ਹੋ ਗਈ।
ਦੋਵਾਂ ਨੇ ਇਕ-ਦੂਜੇ ਨੂੰ ਕਿਹਾ–ਹਿਮਾਚਲ ਕਿਸੇ ਦੇ ਪਿਓ ਦਾ ਨਹੀਂ
ਕਾਫੀ ਦੇਰ ਤੱਕ ਹੰਗਾਮਾ ਚੱਲਦਾ ਰਿਹਾ। ਪਹਿਲਾਂ ਟਿਕੈਤ ਨੇ ਕਿਹਾ ਕਿ ਹਿਮਾਚਲ ਕਿਸੇ ਦੇ ਪਿਓ ਦਾ ਨਹੀਂ ਹੈ, ਇਥੇ ਨਾਅਰੇਬਾਜ਼ੀ ਵੀ ਹੋਵੇਗੀ ਅਤੇ ਅੰਦੋਲਨ ਵੀ ਚੱਲੇਗਾ, ਇਸ ’ਤੇ ਅਾੜ੍ਹਤੀ ਨੇ ਵੀ ਟਿਕੈਤ ਨੂੰ ਕਿਹਾ ਕਿ ਹਿਮਾਚਲ ਤੁਹਾਡੇ ਪਿਓ ਦਾ ਵੀ ਨਹੀਂ ਹੈ, ਇਥੇ ਕਿਸੇ ਦੀ ਮਨਮਰਜ਼ੀ ਨਹੀਂ ਚੱਲੇਗੀ। ਬਾਅਦ ਵਿਚ ਪੁਲਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰ ਦਿੱਤਾ। ਇਸ ਦੌਰਾਨ ਅਾੜ੍ਹਤੀ ਨੇ ਕਿਹਾ ਕਿ ਉਹ ਰਾਕੇਸ਼ ਟਿਕੈਤ ’ਤੇ ਮਾਣਹਾਨੀ ਦਾ ਕੇਸ ਕਰੇਗਾ।
ਕੀ ਬੋਲੇ ਰਾਕੇਸ਼ ਟਿਕੈਤ?
ਸ਼ਿਮਲਾ ਵਿਚ ਮੀਡੀਆ ਕਰਮੀਆਂ ਨੂੰ ਸੰਬੋਧਿਤ ਕਰਦੇ ਹੋਏ ਟਿਕੈਤ ਨੇ ਦੋਸ਼ ਲਾਇਆ ਕਿ ਉਹ ਵਿਅਕਤੀ ਨਸ਼ੇ ਵਿਚ ਸੀ ਅਤੇ ਉਸ ਦੇ ਹੱਥਾਂ ਵਿਚ ਪੱਥਰ ਸਨ। ਉਸ ਨੇ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।
ਪੁਲਸ ਬੋਲੀ- ਨਹੀਂ ਮਿਲੀ ਕੋਈ ਸ਼ਿਕਾਇਤ
ਸੋਲਨ ਪੁਲਸ ਦੇ ਪੁਲਸ ਸੁਪਰਡੈਂਟ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਖ਼ਿਲਾਫ਼ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਕਿਉਂਕਿ ਕੋਈ ਸ਼ਿਕਾਇਤ ਨਹੀਂ ਮਿਲੀ ਹੈ।