ਤੇਜਸਵੀ ਨੂੰ ਮਿਲੇ ਤੇਜ ਪ੍ਰਤਾਪ, ਚੋਣਾਂ ਲਈ ਦਿੱਤਾ ਆਸ਼ੀਰਵਾਦ
Sunday, Jan 06, 2019 - 04:34 PM (IST)
ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਚੀਫ ਲਾਲੂ ਪ੍ਰਸਾਦ ਯਾਦਵ ਦੇ ਦੋਹਾਂ ਬੇਟਿਆਂ ਤੇਜ ਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਨੇ ਆਪਸ 'ਚ ਮਨਮੁਟਾਵ ਦੀਆਂ ਖਬਰਾਂ ਨੂੰ ਗਲਤ ਦੱਸਦੇ ਹੋਏ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਤੇਜਸਵੀ ਯਾਦਵ ਨੇ ਵੱਡੇ ਭਰਾ ਤੇਜ ਪ੍ਰਤਾਪ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਤੇਜ ਪ੍ਰਤਾਪ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਫੇਸਬੁੱਕ 'ਤੇ ਤੇਜ ਪ੍ਰਤਾਪ ਨੇ ਜਾਣਕਾਰੀ ਦਿੰਦੇ ਹੋਏ ਕਿਹਾ,''ਅੱਜ ਆਪਣੇ ਅਰਜੁਨ ਨੂੰ ਮਿਲ ਕੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਅਤੇ ਬਿਹਾਰ ਦੇ ਕੁਰੂਕੁਸ਼ੇਤਰ 'ਚ ਜੇਤੂ ਹੋਣ ਦਾ ਆਸ਼ੀਰਵਾਦ ਦਿੱਤਾ। ਤਿਆਰੀ ਪੂਰੀ ਹੈ, ਜਿੱਤ ਜ਼ਰੂਰੀ ਹੈ।'' ਤੇਜ ਪ੍ਰਤਾਪ ਨੇ ਸ਼ਨੀਵਾਰ ਨੂੰ ਤੇਜਸਵੀ ਦੇ ਅਧਿਕਾਰਤ ਘਰ ਜਾ ਕੇ ਮੁਲਾਕਾਤ ਕੀਤੀ। ਦੋਵੇਂ ਭਰਾਵਾਂ 'ਚ ਕਰੀਬ 2 ਮਹੀਨੇ ਬਾਅਦ ਮੁਲਾਕਾਤ ਹੋਈ। ਇਸ ਦੌਰਾਨ ਦੋਹਾਂ ਭਰਾਵਾਂ ਨੇ ਪਿਤਾ ਲਾਲੂ ਦੀ ਇਕ ਤਸਵੀਰ ਨਾਲ ਸੈਲਫੀ ਵੀ ਲਈ।
ਜ਼ਿਕਰਯੋਗ ਹੈ ਕਿ ਤੇਜ ਪ੍ਰਤਾਪ ਦੇ ਆਪਣੇ ਪਿਤਾ ਲਾਲੂ ਯਾਦਵ ਦੇ ਕਮਰੇ 'ਚ ਜਨਤਾ ਦਰਬਾਰ ਲਗਾਉਣ ਤੋਂ ਬਾਅਦ ਅਜਿਹੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿ ਤੇਜ ਪ੍ਰਤਾਪ ਦਾ ਆਪਣੇ ਛੋਟੇ ਭਰਾ ਤੇਜਸਵੀ ਨਾਲ ਮਨਮੁਟਾਵ ਚੱਲ ਰਿਹਾ ਹੈ। ਤੇਜ ਪ੍ਰਤਾਪ ਨੇ ਇਸ ਅਟਕਲ ਨੂੰ ਇਕ ਵਾਰ ਫਿਰ ਤੋਂ ਖਾਰਜ ਕਰ ਦਿੱਤਾ ਹੈ। ਹਾਲਾਂਕਿ ਪਟਨਾ ਦੀ ਸੀਟ 'ਤੇ ਭੈਣ ਮੀਸਾ ਭਾਰਤੀ ਨੂੰ ਚੋਣਾਂ ਲੜਵਾਉਣ ਦੀ ਗੱਲ 'ਤੇ ਵੀ ਦੋਹਾਂ ਭਰਾਵਾਂ ਦਰਮਿਆਨ ਤਕਰਾਰ ਦੀਆਂ ਖਬਰਾਂ ਸੁਰਖੀਆਂ 'ਚ ਹਨ। ਖੁਦ ਨੂੰ ਕ੍ਰਿਸ਼ਨ ਅਤੇ ਭਰਾ ਤੇਜਸਵੀ ਨੂੰ ਅਰਜੁਨ ਕਰਾਰ ਦੇ ਚੁਕੇ ਤੇਜ ਪ੍ਰਤਾਪ ਨੇ ਕਿਹਾ,''ਆਪਣੇ ਅਰਜੁਨ ਨਾਲ ਬਿਹਾਰ ਚੋਣਾਂ 'ਤੇ ਰਣਨੀਤੀ ਤਿਆਰ ਕੀਤੀ ਅਤੇ ਉਸ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ।'' ਜ਼ਿਕਰਯੋਗ ਹੈ ਕਿ ਤੇਜ ਪ੍ਰਤਾਪ ਪਹਿਲਾਂ ਹੀ ਕਹਿ ਚੁਕੇ ਹਨ ਕਿ ਉਹ ਤੇਜਸਵੀ ਯਾਦਵ ਨੂੰ ਬਿਹਾਰ ਦਾ ਅਗਲਾ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਵਚਨਬੱਧ ਹਨ। ਉਹ ਕੁਝ ਲੋਕਾਂ 'ਤੇ ਦੋਹਾਂ ਭਰਾਵਾਂ ਦਰਮਿਆਨ ਕੰਧ ਖੜ੍ਹੀ ਕਰਨ ਦਾ ਦੋਸ਼ ਵੀ ਲਗਾ ਚੁਕੇ ਹਨ। ਇਸ ਤੋਂ ਪਹਿਲਾਂ ਨਵੇਂ ਸਾਲ 'ਤੇ ਵੀ ਤੇਜ ਪ੍ਰਤਾਪ, ਆਪਣੀ ਮਾਂ ਰਾਬੜੀ ਦੇਵੀ ਦਾ ਆਸ਼ੀਰਵਾਦ ਲੈਣ ਲਈ ਤੇਜਸਵੀ ਦੇ ਘਰ ਪੁੱਜੇ ਸਨ। ਜ਼ਿਕਰਯੋਗ ਹੈ ਕਿ ਤੇਜ ਪ੍ਰਤਾਪ ਨੇ ਆਪਣੀ ਪਤਨੀ ਐਸ਼ਵਰਿਆ ਤੋਂ ਤਲਾਕ ਲੈਣ ਲਈ ਪਟਨਾ ਦੀ ਇਕ ਅਦਾਲਤ 'ਚ ਅਰਜ਼ੀ ਦਿੱਤੀ ਹੈ। ਇਸ ਦੇ ਬਾਅਦ ਤੋਂ ਉਹ ਘਰ ਨਹੀਂ ਜਾ ਰਹੇ ਹਨ।
