ਇਹ ਬੁੱਢਾ ਰੁਕੇਗਾ ਨਹੀਂ, ਭਾਵੇਂ 84 ਜਾਂ 90 ਸਾਲ ਦਾ ਹੋ ਜਾਵੇ : ਸ਼ਰਦ ਪਵਾਰ
Tuesday, Oct 15, 2024 - 11:47 PM (IST)

ਪੁਣੇ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਹ ਮਹਾਰਾਸ਼ਟਰ ਨੂੰ ‘ਸਹੀ ਰਾਹ’ ’ਤੇ ਲਿਆਉਣ ਤੱਕ ਆਰਾਮ ਨਾਲ ਨਹੀਂ ਬੈਠਣਗੇ ਭਾਵੇਂ ਉਹ ਕਿੰਨੇ ਹੀ ਬੁੱਢੇ ਕਿਉਂ ਨਾ ਹੋ ਜਾਣ। ਪਵਾਰ ਨੇ ਮਹਾਰਾਸ਼ਟਰ ਵਿਚ ਸਤਾਰਾ ਜ਼ਿਲੇ ਦੇ ਫਲਟਣ ਵਿਚ ਸੋਮਵਾਰ ਨੂੰ ਕਿਹਾ ਕਿ ਭਾਵੇਂ 84 ਸਾਲ ਦਾ ਹੋ ਜਾਵਾਂ ਜਾਂ 90 ਦਾ, ਇਹ ਬੁੱਢਾ ਆਦਮੀ ਰੁਕੇਗਾ ਨਹੀਂ।
ਉਹ ਰਾਕਾਂਪਾ ਆਗੂ ਰਾਮਰਾਜੇ ਨਾਇਕ ਨਿੰਬਾਲਕਰ ਦੇ ਭਰਾ ਸੰਜੀਵ ਰਾਜੇ ਨਾਇਕ ਨਿੰਬਾਲਕਰ ਅਤੇ ਫਲਟਣ ਦੇ ਵਿਧਾਇਕ ਦੀਪਕ ਚਵਾਨ ਨੂੰ ਰਾਕਾਂਪਾ (ਐੱਸ. ਪੀ.) ਵਿਚ ਸ਼ਾਮਲ ਕਰਨ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸਾਬਕਾ ਕੇਂਦਰੀ ਮੰਤਰੀ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ’ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ।
ਅਗਸਤ ਵਿਚ ਸਿੰਧੂ ਦੁਰਗ ਜ਼ਿਲੇ ਦੇ ਰਾਜਕੋਟ ਕਿਲੇ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਢਹਿ ਗਿਆ ਸੀ ਤਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਸੀ ਕਿ ਇਸ ਘਟਨਾ ਨੇ ਬੁੱਤ ਦੇ ਨਿਰਮਾਣ ਵਿਚ ਭ੍ਰਿਸ਼ਟਾਚਾਰ ਨੂੰ ਦਰਸਾਇਆ ਹੈ।