ਘਰ ''ਚ ਦਾਖ਼ਲ ਹੋ ਕੇ 30 ਸਾਲਾ ਔਰਤ ਨਾਲ ਜਬਰ-ਜ਼ਨਾਹ
Saturday, Aug 24, 2024 - 03:44 PM (IST)

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ 'ਚ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਪੁਵਾਯਾਂ ਥਾਣਾ ਖੇਤਰ ਵਿਚ ਇਕ ਨੌਜਵਾਨ ਨੇ ਘਰ ਅੰਦਰ ਦਾਖ਼ਲ ਹੋ ਕੇ ਇਕ ਔਰਤ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਅਸ਼ੋਕ ਕੁਮਾਰ ਮੀਣਾ ਨੇ ਦਰਜ ਮਾਮਲੇ ਦੇ ਆਧਾਰ 'ਤੇ ਸ਼ਨੀਵਾਰ ਨੂੰ ਦੱਸਿਆ ਕਿ ਘਟਨਾ ਥਾਣਾ ਪੁਵਾਯਾਂ ਦੇ ਇਕ ਪਿੰਡ ਵਿਚ ਵੀਰਵਾਰ ਨੂੰ ਉਦੋਂ ਵਾਪਰੀ, ਜਦੋਂ 30 ਸਾਲਾ ਔਰਤ ਘਰ ਵਿਚ ਇਕੱਲੀ ਸੀ ਅਤੇ ਉਸ ਦਾ ਪਤੀ ਬਾਹਰ ਗਿਆ ਹੋਇਆ ਸੀ।
ਪੁਲਸ ਮੁਤਾਬਕ ਇਸ ਦੌਰਾਨ ਉਸੇ ਪਿੰਡ ਦੇ ਵਸਨੀਕ ਅਜੇ ਕੁਮਾਰ (27) ਨੇ ਔਰਤ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਮੀਣਾ ਨੇ ਕਿਹਾ ਕਿ ਔਰਤ ਦਾ ਪਤੀ ਸ਼ੁੱਕਰਵਾਰ ਨੂੰ ਜਦੋਂ ਘਰ ਆਇਆ ਤਾਂ ਔਰਤ ਨੇ ਪੂਰੀ ਗੱਲ ਦੱਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਪੀੜਤਾ ਨੇ ਪੁਲਸ ਵਿਚ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਸ਼ੁੱਕਰਵਾਰ ਦੇਰ ਰਾਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਸੁਪਰਡੈਂਟ ਮੀਣਾ ਨੇ ਦੱਸਿਆ ਕਿ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਮਗਰੋਂ ਸ਼ਨੀਵਾਰ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਔਰਤ ਨੂੰ ਮੈਡੀਕਲ ਪਰੀਖਣ ਲਈ ਮੈਡੀਕਲ ਕਾਲਜ ਭੇਜਿਆ ਗਿਆ ਹੈ।