ਕੋਰੋਨਾ ਵਾਇਰਸ ਕਾਰਨ ਦਿੱਲੀ ‘ਚ ਪੁਲਸ ਨੇ ਖਾਲੀ ਕਰਵਾਇਆ ਸ਼ਾਹੀਨ ਬਾਗ

03/24/2020 8:20:24 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵਧਦੇ ਸੰਕਰਮਣ ਕਾਰਨ ਦੇਸ਼ ਦੇ ਕਈ ਸੂਬਿਆਂ ਸਣੇ ਰਾਜਧਾਨੀ ਦਿੱਲੀ ਵਿਚ ਵੀ ਲਾਕਡਾਊਨ ਹੈ। ਇਸ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਸ਼ਾਹੀਨ ਬਾਗ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਹੈ। ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ 100 ਦਿਨਾਂ ਤੋਂ ਚੱਲ ਰਹੇ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਖਿਲਾਫ ਧਰਨੇ ਨੂੰ ਹਟਾਉਣ ਲਈ ਅੱਜ ਕਾਰਵਾਈ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਮੰਗਲਵਾਰ ਸਵੇਰੇ ਦਿੱਲੀ ਪੁਲਸ ਦੇ ਅਧਿਕਾਰੀਆਂ ਤੇ ਪੁਲਸ ਕਰਮਚਾਰੀਆਂ ਦੀ ਫੌਜ ਪ੍ਰਦਰਸ਼ਨ ਵਾਲੇ ਸਥਾਨ ‘ਤੇ ਪੁੱਜੀ।

ਸ਼ਾਹੀਨ ਬਾਗ ਵਿਚ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਵਿਚਕਾਰ ਕਾਫੀ ਹੱਦ ਤਕ ਪ੍ਰਦਰਸ਼ਨਕਾਰੀਆਂ ਦੇ ਟੈਂਟ ਹਟਾ ਦਿੱਤੇ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ, ਇਸ ਲਈ ਪ੍ਰਦਰਸ਼ਨ ਵਾਲੀ ਜਗ੍ਹਾ ਖਾਲੀ ਕਰਵਾਈ ਗਈ ਹੈ। ਜਾਣਕਾਰੀ ਮੁਤਾਬਕ ਪ੍ਰਦਰਸ਼ਨ ਵਾਲੀ ਜਗ੍ਹਾ ਖਾਲੀ ਕਰਵਾਉਣ ਲਈ ਹਲਚਲ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ।

ਜਾਣਕਾਰੀ ਮੁਤਾਬਕ ਪੁਲਸ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਲੱਗੇ ਪੋਸਟਰ ਅਤੇ ਬੈਨਰ ਵੀ ਹਟਾ ਰਹੀ ਹੈ। ਸ਼ਾਹੀਨ ਬਾਗ ਵਿਚ ਬੀਤੇ ਸਾਲ 15 ਦਸੰਬਰ ਤੋਂ ਹੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਹੋ ਰਹੇ ਹਨ। ਇਹ ਪ੍ਰਦਰਸ਼ਨ ਮਹਿਲਾਵਾਂ ਦੀ ਅਗਵਾਈ ਵਿਚ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਵਧਦੇ ਸੰਕਰਮਣ ਨੂੰ ਦੇਖਦੇ ਹੋਏ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਨੂੰ ਕਿਹਾ ਗਿਆ ਸੀ ਕਿ ਉਹ ਪ੍ਰਦਰਸ਼ਨ ਸਮਾਪਤ ਕਰ ਦੇਣ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਦਰਸ਼ਨ ਜਾਰੀ ਰਹੇਗਾ। 
 


Lalita Mam

Content Editor

Related News