ਸ਼ਾਹੀਨ ਬਾਗ ਨਸ਼ੀਲੇ ਪਦਾਰਥਾਂ ਦਾ ਮਾਮਲਾ : ਐੱਨ. ਸੀ. ਬੀ. ਨੇ 3 ਹੋਰ ਕੀਤੇ ਗ੍ਰਿਫ਼ਤਾਰ

04/30/2022 10:58:27 AM

ਨਵੀਂ ਦਿੱਲੀ– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿਚ ਇਕ ਘਰ ਵਿਚੋਂ ਕਰੀਬ 50 ਕਿਲੋ ਹੈਰੋਇਨ ਬਰਾਮਦ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਦਾ ਘੇਰਾ ਵਧਾਉਂਦਿਆਂ ਸ਼ੁੱਕਰਵਾਰ ਨੂੰ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਮੁਤਾਬਕ ਇਸ ਸਬੰਧ ਵਿਚ ਇਕ ਭਾਰਤੀ ਅਤੇ ਦੋ ਅਫਗਾਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏਜੰਸੀ ਨੇ ਵਿਦੇਸ਼ੀ ਨਾਗਰਿਕਾਂ ਨੂੰ ਦਿੱਲੀ ਤੋਂ ਹਿਰਾਸਤ ਵਿਚ ਲਿਆ ਜਦਕਿ ਭਾਰਤੀ ਵਿਅਕਤੀ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਐੱਨ. ਸੀ. ਬੀ. ਇਸ ਮਾਮਲੇ ਵਿਚ ਪਹਿਲਾਂ ਹੀ ਇਕ 40 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸਾਰੇ ਮੁਲਜ਼ਮਾਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ. ਡੀ. ਪੀ. ਐੱਸ.) ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਐੱਨ. ਸੀ. ਬੀ. ਦੇ ਡਾਇਰੈਕਟਰ ਜਨਰਲ ਐੱਸ. ਐੱਨ. ਪ੍ਰਧਾਨ ਨੇ ਕਿਹਾ ਕਿ ਮਾਮਲਾ ਅੱਤਵਾਦ ਨਾਲ ਸਬੰਧਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਏਜੰਸੀ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਐੱਨ. ਸੀ. ਬੀ. ਨੇ ਵੀਰਵਾਰ ਨੂੰ ਕਿਹਾ ਸੀ ਕਿ ਜਾਮੀਆ ਨਗਰ ਦੇ ਸ਼ਾਹੀਨ ਬਾਗ ਇਲਾਕੇ ’ਚ ਛਾਪੇਮਾਰੀ ਕਰਕੇ ਕਰੀਬ 50 ਕਿਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਜ਼ਬਤ ਕੀਤੀ ਗਈ ਸੀ।


Rakesh

Content Editor

Related News