ਆਜ਼ਾਦੀ ਦੇ ਗੀਤ ਗਾਉਂਦਿਆਂ ਅੱਜ ਦੇ ਦਿਨ ਭਗਤ ਸਿੰਘ ਨੇ ਸਾਥੀਆਂ ਸਣੇ ਚੁੰਮਿਆ ਸੀ ਫਾਂਸੀ ਦਾ ਰੱਸਾ
Monday, Mar 23, 2020 - 11:08 AM (IST)
ਜਲੰਧਰ—ਸ਼ਹੀਦ ਸਮਾਜ ਦਾ ਸਰਮਾਇਆ ਹੁੰਦੇ ਹਨ। ਦੇਸ਼ ਲਈ ਜਾਨ ਵਾਰਨ ਵਾਲੇ ਉਨ੍ਹਾਂ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ। ਕਹਿੰਦੇ ਨੇ ਦੇਸ਼ ਭਗਤਾਂ ਦਾ ਕੋਈ ਧਰਮ, ਜਾਤ-ਮਜ਼ਹਬ ਨਹੀਂ ਹੁੰਦਾ ਸਗੋਂ ਉਹ ਵਤਨ ਅਤੇ ਮਨੁੱਖਤਾ ਲਈ ਆਪਾ ਵਾਰ੍ਹਦੇ ਹਨ। ਨਵੀਂ ਪੁੰਗਰਦੀ ਪੀੜ੍ਹੀ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਕੇ, ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨਾ ਹੁੰਦਾ ਹੈ। ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਲਈ ਸੈਂਕੜੇ ਦੇਸ਼ ਭਗਤਾਂ ਨੇ ਫਾਂਸੀ, ਹਜ਼ਾਰਾਂ ਨੇ ਜੇਲਾਂ ਤੇ ਸੈਂਕੜੇ ਯੋਧਿਆਂ ਨੇ ਕਾਲੇ ਪਾਣੀ ਅਤੇ ਲੱਖਾਂ ਭਾਰਤੀਆਂ ਨੇ ਸਰੀਰਕ ਅਤੇ ਮਾਨਸਿਕ ਗੁਲਾਮੀ ਝੱਲੀ।
ਆਖਰਕਾਰ 15 ਅਗਸਤ 1947 ਨੂੰ ਦੇਸ਼ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਹੋਇਆ। ਸ਼ਹੀਦਾਂ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦਾ ਵੀ ਨਾਂ ਹੈ, ਜਿਨ੍ਹਾਂ ਨੇ ਜਵਾਨੀ ਦੀ ਉਮਰ 'ਚ ਫਾਂਸੀ ਦਾ ਰੱਸਾ ਚੁੰਮਿਆ। ਅੱਜ ਦਾ ਦਿਨ ਯਾਨੀ ਕਿ 23 ਮਾਰਚ ਦਾ ਦਿਨ ਬੇਹੱਦ ਖਾਸ ਹੈ। ਇਸੇ ਦਿਨ ਅੰਗਰੇਜ਼ੀ ਹਕੂਮਤ ਦੇ ਨੱਕ 'ਚ ਦਮ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦਿੱਤੀ ਗਈ ਸੀ। ਅੱਜ ਦੇਸ਼ ਭਰ 'ਚ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਪਿੰਡ ਖਟਕੜ ਕਲਾਂ ਇਤਿਹਾਸ ਦਾ ਉਹ ਵਰਕਾ ਬਣ ਗਿਆ ਹੈ, ਜੋ ਸੂਰਜ-ਚੰਦਰਮਾ ਦੀ ਹੋਂਦ ਤਕ ਭਾਰਤੀਆਂ ਦੇ ਚੇਤੇ ਅਤੇ ਇਤਿਹਾਸ ਤੇ ਵਰਕਿਆਂ ਵਿਚ ਉੱਕਰਿਆ ਰਹੇਗਾ। ਪਿੰਡ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ, ਜਿੱਥੇ ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਹੈ। ਸਾਲ 2008 'ਚ ਜ਼ਿਲਾ ਨਵਾਂਸ਼ਹਿਰ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਰੱਖ ਦਿੱਤਾ ਗਿਆ।
ਜਲਿਆਂਵਾਲਾ ਬਾਗ ਦੀ ਘਟਨਾ ਦਾ ਅਸਰ-
ਭਗਤ ਸਿੰਘ ਦੀ ਰਗ-ਰਗ ਵਿਚ ਦੇਸ਼ ਭਗਤੀ ਵੱਸਦੀ ਸੀ।13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੀ ਘਟਨਾ ਦਾ ਭਗਤ ਸਿੰਘ 'ਤੇ ਡੂੰਘਾ ਅਸਰ ਪਿਆ। ਇਸ ਘਟਨਾ ਨੇ ਦੇਸ਼ ਭਰ ਵਿਚ ਕ੍ਰਾਂਤੀ ਦੀ ਅੱਗ ਭੜਕਾ ਦਿੱਤੀ ਸੀ। ਰੌਲਟ ਐਕਟ ਦੇ ਵਿਰੋਧ 'ਚ ਇਕੱਠੇ ਹੋਏ ਦੇਸ਼ ਵਾਸੀ ਜਲ੍ਹਿਆਂਵਾਲੇ ਬਾਗ ਵਿਚ ਸਭਾ ਕਰ ਰਹੇ ਸੀ ਕਿ ਜਨਰਲ ਡਾਇਰ ਦੇ ਹੁਕਮਾਂ ਤਹਿਤ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਸ ਸਮੇਂ ਭਗਤ ਸਿੰਘ ਦੀ ਉਮਰ 12 ਸਾਲ ਸੀ। ਇਸ ਘਟਨਾ ਬਾਅਦ ਉਨ੍ਹਾਂ ਜਲ੍ਹਿਆਂਵਾਲੇ ਬਾਗ ਦੀ ਖੂਨ ਨਾਲ ਲਥਪਥ ਧਰਤੀ ਦੀ ਸਹੁੰ ਖਾਧੀ ਸੀ ਕਿ ਅੰਗਰੇਜ਼ੀ ਹਕੂਮਤ ਦਾ ਜੜ੍ਹਾਂ ਪੁੱਟਣਗੇ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣਗੇ। ਇਸ ਮਕਸਦ ਲਈ ਉਨ੍ਹਾਂ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ 'ਨੌਜਵਾਨ ਭਾਰਤ ਸਭਾ' ਦੀ ਸਥਾਪਨਾ ਕੀਤੀ।
ਵਿਆਹ ਦੇ ਦਬਾਅ ਕਰਕੇ ਭਗਤ ਸਿੰਘ ਨੇ ਛੱਡਿਆ ਘਰ-
ਇਕ ਸਮਾਂ ਅਜਿਹਾ ਵੀ ਆਇਆ ਜਦੋਂ ਭਗਤ ਸਿੰਘ ਦੇ ਪਰਿਵਾਰ ਵਾਲੇ ਉਨ੍ਹਾਂ 'ਤੇ ਵਿਆਹ ਲਈ ਦਬਾਅ ਪਾਉਣ ਲੱਗੇ ਪਰ ਉਨ੍ਹਾਂ ਲਈ ਤਾਂ ਦੇਸ਼ ਨੂੰ ਆਜ਼ਾਦੀ ਕਰਾਉਣਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਅਸਲ ਮਕਸਦ ਸੀ। ਪਰਿਵਾਰ ਵਾਲਿਆਂ ਦੇ ਦਬਾਅ ਤੋਂ ਪਰੇਸ਼ਾਨ ਆ ਕੇ ਉਨ੍ਹਾਂ ਨੇ ਘਰ ਹੀ ਛੱਡ ਦਿੱਤਾ ਸੀ।
ਸਾਂਡਰਲ ਦਾ ਕਤਲ ਤੇ ਦਿੱਲੀ ਅਸੈਂਬਲੀ 'ਚ ਬੰਬ ਦੀ ਘਟਨਾ-
ਜਦ ਅੰਗਰੇਜ਼ ਸਰਕਾਰ ਖਿਲਾਫ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਅੰਗਰੇਜ਼ ਪੁਲਸ ਨੇ ਉਨ੍ਹਾਂ 'ਤੇ ਡਾਂਗਾ ਵਰ੍ਹਾਈਆਂ, ਜਿਸ ਕਰਕੇ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ 17 ਨਵੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ।ਇਸ ਪਿੱਛੋਂ ਭਗਤ ਸਿੰਘ ਨੇ ਪਹਿਲਾਂ ਲਾਹੌਰ ਵਿਚ ਸਾਂਡਰਸ ਦਾ ਕਤਲ ਕੀਤਾ ਤੇ ਫਿਰ ਦਿੱਲੀ ਦੀ ਸੈਂਟਰਲ ਅਸੈਂਬਲੀ 'ਚ ਚੰਦਰਸ਼ੇਖਰ ਆਜ਼ਾਦ ਤੇ ਪਾਰਟੀ ਦੇ ਹੋਰ ਮੈਂਬਰਾਂ ਨਾਲ ਬੰਬ ਧਮਾਕਾ ਕੀਤਾ।ਇਸ ਪਿੱਛੋਂ ਉਨ੍ਹਾਂ ਆਪਣੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਾਥੀਆਂ ਦੀ ਮਦਦ ਲਈ। ਇਸ ਨਾਲ ਅੰਗਰੇਜ਼ਾਂ 'ਚ ਭਗਤ ਸਿੰਘ ਦੇ ਨਾਂ ਦਾ ਖੌਫ ਪੈਦਾ ਹੋ ਗਿਆ।
ਭਗਤ ਸਿੰਘ ਦੀ ਗ੍ਰਿਫਤਾਰੀ-
ਸੈਂਟਰਲ ਅਸੈਂਬਲੀ ਵਿਚ ਬੰਬ ਸੁੱਟਣ ਦੀ ਘਟਨਾ ਤੋਂ ਬਾਅਦ ਅੰਗਰੇਜ਼ਾਂ ਨੇ ਸੁਤੰਤਰਤਾ ਸੈਨਾਨੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀ ਗ੍ਰਿਫਤਾਰੀ ਹੋਈ। ਦੋਵਾਂ ਖਿਲਾਫ ਸੈਂਟਰਲ ਅਸੈਂਬਲੀ 'ਚ ਬੰਬ ਸੁੱਟਣ ਸਬੰਧੀ ਕੇਸ ਚੱਲਿਆ। ਸੁਖਦੇਵ ਤੇ ਰਾਜਗੁਰੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 7 ਅਕਤੂਬਰ 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਜਦਕਿ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਹੋਈ।
ਜੇਲ 'ਚ ਭਗਤ ਸਿੰਘ ਦਾ ਆਖਰੀ ਸਮਾਂ-
ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਆਖਰੀ ਸਮੇਂ 'ਚ ਉਨ੍ਹਾਂ ਨੇ 'ਰੈਵਾਲਿਊਸ਼ਨਰੀ ਲੈਨਿਨ' ਨਾਂ ਦੀ ਕਿਤਾਬ ਮੰਗਵਾਈ ਸੀ। ਇਸ ਮੌਕੇ ਭਗਤ ਸਿੰਘ ਨੇ ਦੇਸ਼ ਦੇ ਨਾਂ ਸੰਦੇਸ਼ ਵੀ ਦਿੱਤਾ ਸੀ, ਉਹ ਸੀ- ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ। ਇਸ ਤੋਂ ਬਾਅਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੇਣ ਲਈ ਕੋਠਰੀ ਤੋਂ ਬਾਹਰ ਲਿਆਂਦਾ ਗਿਆ। ਉਨ੍ਹਾਂ ਆਜ਼ਾਦੀ ਦੇ ਗੀਤ ਗਾਉਂਦਿਆਂ- ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ। ਫਿਰ 'ਇਨਕਲਾਬ ਜ਼ਿੰਦਾਬਾਦ ਤੇ ਹਿੰਦੋਸਤਾਨ ਆਜ਼ਾਦ ਹੋਵੇ' ਦੇ ਨਾਅਰੇ ਲਾਉਂਦਿਆਂ ਉਨ੍ਹਾਂ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਮੌਤ ਨੂੰ ਗਲ ਲਾ ਲਿਆ।