ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ
Sunday, Aug 01, 2021 - 04:46 PM (IST)
ਆਈਜ਼ੋਲ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਅਤੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥੰਗਾ ਨਾਲ ਪੂਰਬੀ-ਉੱਤਰੀ ਦੇ ਦੋਹਾਂ ਸੂਬਿਆਂ ਵਿਚਾਲੇ ਸਰਹੱਦੀ ਵਿਵਾਦ ਨੂੰ ਸ਼ਾਂਤ ਕਰਨ ਲਈ ਐਤਵਾਰ ਨੂੰ ਫੋਨ ’ਤੇ ਗੱਲ ਕੀਤੀ। ਜੋਰਾਮਥੰਗਾ ਨੇ ਕਿਹਾ ਕਿ ਫੋਨ ਕਾਲ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸਰਹੱਦੀ ਵਿਵਾਦ ਦਾ ਆਪਸੀ ਪਿਆਰ ਨਾਲ ਸਾਰਥਕ ਗੱਲਬਾਤ ਜ਼ਰੀਏ ਹੱਲ ਕੱਢਿਆ ਜਾਵੇ। ਉਨ੍ਹਾਂ ਨੇ ਟਵੀਟ ਕੀਤਾ ਕਿ ਫੋਨ ’ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਆਸਾਮ ਦੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਮੁਤਾਬਕ ਅਸੀਂ ਮਿਜ਼ੋਰਮ-ਆਸਾਮ ਸਰਹੱਦੀ ਵਿਵਾਦ ਨੂੰ ਆਪਸੀ ਪਿਆਰ ਭਰੇ ਮਾਹੌਲ ’ਚ ਗੱਲਬਾਤ ਜ਼ਰੀਏ ਸੁਲਝਾਉਣ ’ਤੇ ਸਹਿਮਤ ਹੋਏ ਹਾਂ।
ਜੋਰਾਮਥੰਗਾ ਨੇ ਮਿਜ਼ੋਰਮ ਦੇ ਲੋਕਾਂ ਨੂੰ ਵੀ ਭੜਕਾਊ ਸੰਦੇਸ਼ ਪੋਸਟ ਕਰਨ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਤੋਂ ਬਚਣ ਦੀ ਅਪੀਲ ਕੀਤੀ ਤਾਂ ਕਿ ਮੌਜੂਦਾ ਤਣਾਅ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਦਰਮਿਆਨ ਕਿਸੇ ਸੰਭਾਵਿਤ ਤਣਾਅ ਤੋਂ ਬਚਣ ਲਈ ਮੈਂ ਮਿਜ਼ੋਰਮ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਸੰਵੇਦਨਸ਼ੀਲ ਪੋਸਟ ਨੂੰ ਜਾਰੀ ਕਰਨ ਤੋਂ ਬਚਣ ਅਤੇ ਸੋਸ਼ਲ ਮੀਡੀਆ ਦਾ ਬੁੱਧੀਮਤਾ ਨਾਲ ਇਸਤੇਮਾਲ ਕਰੋ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਵਾਯਰੇਂਗਟੇ ਕਸਬੇ ਵਿਚ ਹੋਈ ਹਿੰਸਕ ਝੜਪ ਵਿਚ ਆਸਾਮ ਦੇ 6 ਪੁਲਸ ਮੁਲਾਜ਼ਮਾਂ ਸਮੇਤ 7 ਲੋਕਾਂ ਦੀ ਮੌਤ ਦੇ ਮਾਰੇ ਜਾਣ ਤੋਂ ਬਾਅਦ ਤਣਾਅ ਹੈ। ਕੇਂਦਰ ਸਰਕਾਰ ਨੇ ਕੇਂਦਰੀ ਨੀਮ ਫ਼ੌਜੀ ਬਲਾਂ ਦੀਆਂ 5 ਕੰਪਨੀਆਂ ਇਲਾਕੇ ਵਿਚ ਤਾਇਨਾਤ ਕੀਤੀਆਂ ਹਨ।