ਸ਼ਾਹ ਫੈਸਲ ਬੋਲੇ- 'ਕਸ਼ਮੀਰ ਘਾਟੀ ਵਿਚ ਕੁਝ ਵੱਡਾ ਭਿਆਨਕ ਹੋਣ ਵਾਲਾ ਹੈ'

Saturday, Jul 27, 2019 - 11:20 AM (IST)

ਸ਼ਾਹ ਫੈਸਲ ਬੋਲੇ- 'ਕਸ਼ਮੀਰ ਘਾਟੀ ਵਿਚ ਕੁਝ ਵੱਡਾ ਭਿਆਨਕ ਹੋਣ ਵਾਲਾ ਹੈ'

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਦੇ ਵੱਡੇ ਪੈਮਾਨੇ 'ਤੇ ਐਡੀਸ਼ਨਲ ਸੁਰੱਖਿਆ ਫੋਰਸ ਦੀ ਤਾਇਨਾਤੀ ਦੇ ਫੈਸਲੇ 'ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਨੌਕਰੀ ਛੱਡ ਕੇ ਰਾਜਨੀਤੀ 'ਚ ਉਤਰੇ ਸ਼ਾਹ ਫੈਸਲ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਘਾਟੀ ਵਿਚ ਇਹ ਅਫਵਾਹਾਂ ਜ਼ੋਰਾਂ 'ਤੇ ਹਨ ਕਿ ਕੁਝ ਵੱਡਾ ਭਿਆਨਕ ਹੋਣ ਵਾਲਾ ਹੈ। ਨੌਕਰਸ਼ਾਹੀ ਛੱਡ ਕੇ ਰਾਜਨੀਤੀ ਵਿਚ ਉਤਰੇ ਅਤੇ ਜੰਮੂ-ਕਸ਼ਮੀਰ ਪੀਪਲਜ਼ ਮੂਵਮੈਂਟ ਦਾ ਗਠਨ ਕਰਨ ਵਾਲੇ ਫੈਸਲ ਨੇ ਟਵਿੱਟਰ 'ਤੇ ਲਿਖਿਆ, ''ਘਾਟੀ ਵਿਚ ਅਚਾਨਕ ਸੁਰੱਖਿਆ ਫੋਰਸ ਦੀਆਂ 100 ਵਾਧੂ ਕੰਪਨੀਆਂ ਦੀ ਤਾਇਨਾਤੀ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੇ ਫੈਸਲੇ ਨਾਲ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਕੋਈ ਨਹੀਂ ਜਾਣਦਾ ਕਿ ਇਹ ਤਾਇਨਾਤੀ ਕਿਉਂ ਕੀਤੀ ਜਾ ਰਹੀ ਹੈ। ਅਜਿਹੀਆਂ ਅਫਵਾਹਾਂ ਹਨ ਕਿ ਘਾਟੀ ਵਿਚ ਕੁਝ ਭਿਆਨਕ ਘਟਨਾ ਵਾਪਰ ਸਕਦੀ ਹੈ। ਕੀ ਧਾਰਾ 35 ਏ ਨੂੰ ਲੈ ਕੇ।'' 

PunjabKesari


ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤਾ ਹੈ, ਜਿਸ ਵਿਚ ਜੰਮੂ-ਕਸ਼ਮੀਰ ਵਿਚ ਸੁਰੱਖਿਆ ਫੋਰਸਾਂ ਦੀਆਂ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤੇ ਜਾਣ ਦਾ ਜ਼ਿਕਰ ਹੈ। ਇਸ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀਆਂ 50, ਸੀਮਾ ਸੁਰੱਖਿਆ ਫੋਰਸ ਦੀਆਂ 10, ਹਥਿਆਰਬੰਦ ਫੋਰਸ ਦੀਆਂ 30 ਅਤੇ ਭਾਰਤ-ਤਿੱਬਤ ਸਰਹੱਦ ਪੁਲਸ ਦੀਆਂ 10 ਕੰਪਨੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ 'ਚ ਦੂਜੀ ਵਾਰ ਰਾਸ਼ਟਰੀ ਜਨਤਾਂਤਰਿਕ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਜੰਮੂ-ਕਸ਼ਮੀਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਲ ਹੀ 'ਚ ਘਾਟੀ ਦਾ ਦੌਰਾ ਕਰ ਚੁੱਕੇ ਹਨ।


author

Tanu

Content Editor

Related News