ਸੀਵਰੇਜ ਚੈਂਬਰ ''ਚ ਡਿੱਗਣ ਨਾਲ ਮੁੰਡੇ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਅਦਨਾਨ
Wednesday, Mar 12, 2025 - 11:45 AM (IST)

ਰੇਵਾੜੀ- ਹਰਿਆਣਾ ਦੇ ਰੇਵਾੜੀ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸ਼ਹਿਰ ਦੇ ਗੜ੍ਹੀ ਬੋਲਨੀ ਰੋਡ 'ਤੇ BMG ਐਲੀਗੈਂਟ ਸਿਟੀ ਦੇ ਸੀਵਰੇਜ ਚੈਂਬਰ 'ਚ ਡਿੱਗਣ ਨਾਲ 3 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਆਪਣੇ ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ ਸਦਮੇ 'ਚ ਹੈ। ਪਰਿਵਾਰ ਵਾਲਿਆਂ ਨੇ ਸੋਸਾਇਟੀ ਦੀ ਲਾਪ੍ਰਵਾਹੀ ਦੀ ਸ਼ਿਕਾਇਤ ਥਾਣਾ ਮਾਡਲ ਟਾਊਨ ਨੂੰ ਦਿੱਤੀ ਹੈ। ਮ੍ਰਿਤਕ ਅਦਨਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਜਾਣਕਾਰੀ ਮੁਤਾਬਕ UP ਦੇ ਬੁਲੰਦਸ਼ਹਿਰ ਦਾ ਰਹਿਣ ਵਾਲਾ ਉਸਮਾਨ ਪਿਛਲੇ 4-5 ਸਾਲਾਂ ਤੋਂ BMG ਐਲੀਗੈਂਟ ਸਿਟੀ ਦੇ BPL ਫਲੈਟ 'ਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਉਸ ਦਾ 3 ਸਾਲਾ ਪੁੱਤਰ ਅਦਨਾਨ ਮੰਗਲਵਾਰ ਸਵੇਰੇ ਸੋਸਾਇਟੀ ਦੇ ਖੁੱਲ੍ਹੇ ਮੈਦਾਨ 'ਚ ਖੇਡਣ ਆਇਆ ਸੀ। ਖੇਡਦੇ ਹੋਏ ਉਹ ਅਚਾਨਕ ਉੱਥੇ ਬਣੇ 8 ਫੁੱਟ ਡੂੰਘੇ ਸੀਵਰੇਜ ਚੈਂਬਰ 'ਚ ਡਿੱਗ ਗਿਆ। ਇਸ 'ਚ ਡੇਢ ਫੁੱਟ ਪਾਣੀ ਸੀ। ਜਦੋਂ ਕਿਸੇ ਨੇ ਉਸ ਨੂੰ ਡਿੱਗਦਾ ਦੇਖਿਆ ਤਾਂ ਉਸ ਨੂੰ ਤੁਰੰਤ ਚੈਂਬਰ 'ਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੇ ਇੰਚਾਰਜ ਵਿਦਿਆਸਾਗਰ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਸੀਵਰੇਜ ਵਿਚ ਡਿੱਗਣ ਦੀ ਸੂਚਨਾ ਮਿਲੀ ਸੀ। ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।