ਦੇਹਰਾਦੂਨ 'ਚ ਗਰਮੀ ਦਾ ਕਹਿਰ; ਸੈਲਾਨੀਆਂ ਨਾਲ ਖਚਾਖਚ ਭਰੇ ਮਸੂਰੀ ਅਤੇ ਨੈਨੀਤਾਲ

05/27/2024 5:28:31 PM

ਦੇਹਰਾਦੂਨ- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਪਿਛਲੇ ਦੋ ਦਿਨਾਂ ਤੋਂ ਪਾਰਾ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ, ਦੇਹਰਾਦੂਨ ਨੇ ਪਹਿਲਾਂ ਹੀ ਮੈਦਾਨੀ ਜ਼ਿਲ੍ਹਿਆਂ- ਦੇਹਰਾਦੂਨ, ਹਰੀਦੁਆਰ ਅਤੇ ਊਧਮ ਸਿੰਘ ਨਗਰ 'ਚ ਗਰਮੀ ਦੀ ਲਹਿਰ ਅਤੇ ਸੂਬੇ ਦੇ ਸਾਰੇ 10 ਪਹਾੜੀ ਜ਼ਿਲ੍ਹਿਆਂ ਖ਼ਾਸ ਤੌਰ 'ਤੇ ਪਿਥੌਰਾਗੜ੍ਹ, ਬਾਗੇਸ਼ਵਰ ਅਤੇ ਅਲਮੋੜਾ ਵਿਚ ਪਿਛਲੇ ਹਫ਼ਤੇ ਤੋਂ ਲਗਾਤਾਰ ਮੀਂਹ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਗੇਮਿੰਗ ਜ਼ੋਨ ਅਗਨੀਕਾਂਡ: ਸੱਤ ਜਨਮਾਂ ਦਾ ਰਿਸ਼ਤਾ ਮਿੰਟਾਂ 'ਚ ਹੋਇਆ ਤਬਾਹ, ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ

ਸੈਲਾਨੀਆਂ ਨਾਲ ਖਚਾਖਚ ਭਰੇ ਮਸੂਰੀ ਅਤੇ ਨੈਨੀਤਾਲ

ਦੇਸ਼ ਭਰ 'ਚ ਗਰਮ ਹਵਾਵਾਂ ਦੇ ਵਿਚਕਾਰ ਉੱਤਰਾਖੰਡ ਦੇ ਮਸੂਰੀ, ਨੈਨੀਤਾਲ, ਲੈਂਸਡਾਊਨ, ਚਕਰਾਤਾ ਅਤੇ ਕੌਸਾਨੀ ਵਰਗੇ ਸੈਰ-ਸਪਾਟਾ ਸਥਾਨ ਸੈਲਾਨੀਆਂ ਨਾਲ  ਖਚਾਖਚ  ਭਰੇ ਹੋਏ ਹਨ। ਕਹਿਰ ਦੀ ਗਰਮੀ ਤੋਂ ਰਾਹਤ ਪਾਉਣ ਲਈ ਵੱਡੀ ਗਿਣਤੀ ਲੋਕ ਪਹਾੜੀ ਇਲਾਕਿਆਂ ਦਾ ਰੁਖ ਕਰ ਰਹੇ ਹਨ। ਮੈਦਾਨੀ ਇਲਾਕਿਆਂ 'ਚ ਗਰਮੀ ਤੋਂ ਰਾਹਤ ਪਾਉਣ ਲਈ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਸੈਲਾਨੀ ਪੁੱਜੇ ਹੋਏ ਹਨ। ਜਦੋਂ ਤੋਂ ਸਕੂਲਾਂ-ਕਾਲਜਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋਇਆ ਹੈ, ਸਾਰੇ ਪਹਾੜੀ ਸਥਾਨਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ- ਚੱਕਰਵਾਤੀ ਤੂਫਾਨ 'ਰੇਮਲ' ਨੇ ਬੰਗਾਲ 'ਚ ਮਚਾਈ ਤਬਾਹੀ; ਦਰੱਖ਼ਤ-ਬਿਜਲੀ ਦੇ ਖੰਭੇ ਉੱਖੜੇ

ਮੌਸਮ ਵਿਭਾਗ ਨੇ ਪਹਾੜੀ ਇਲਾਕਿਆਂ 'ਚ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਪਹਾੜੀ ਇਲਾਕਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਲੂ ਲਈ ਜਾਰੀ ਕੀਤੇ ਗਏ ਯੈਲੋ ਅਲਰਟ ਦਰਮਿਆਨ ਦੇਹਰਾਦੂਨ ਅਤੇ ਹੋਰ ਮੈਦਾਨੀ ਇਲਾਕਿਆਂ ਵਿਚ ਪਾਰਾ ਆਸਮਾਨ ਛੂਹ ਰਿਹਾ ਹੈ। ਭਿਆਨਕ ਗਰਮੀ ਅਤੇ ਉਸਮ ਭਰੀ ਗਰਮੀ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਮੌਸਮ ਵਿਭਾਗ, ਦੇਹਰਾਦੂਨ ਦੇ ਡਾਇਰੈਕਟਰ ਬਿਰਮ ਸਿੰਘ ਮੁਤਾਬਕ ਦੇਹਰਾਦੂਨ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੈ।

ਇਹ ਵੀ ਪੜ੍ਹੋ- IMD ਨੇ ਜਾਰੀ ਕੀਤਾ ਅਲਰਟ, ਕਿਹਾ- ਦੁਪਹਿਰ 12 ਤੋਂ 3 ਵਜੇ ਦਰਮਿਆਨ ਘਰੋਂ ਨਾ ਨਿਕਲੋ ਬਾਹਰ

ਮੈਦਾਨ ਇਲਾਕਿਆਂ ਵਿਚ ਭਿਆਨਕ ਗਰਮੀ ਦਰਮਿਆਨ ਪਹਾੜੀ ਇਲਾਕਿਆਂ ਵਿਚ ਸਵੇਰੇ-ਸ਼ਾਮ ਮੌਸਮ ਸੁਹਾਵਨਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਪਹਾੜੀ ਇਲਾਕਿਆਂ ਵਿਚ ਆਂਸ਼ਿਕ ਰੂਪ ਨਾਲ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇਹਰਾਦੂਨ ਅਨੁਸਾਰ ਸੋਮਵਾਰ ਨੂੰ ਕੁਮਾਉਂ, ਬਾਗੇਸ਼ਵਰ, ਪਿਥੌਰਾਗੜ੍ਹ, ਅਲਮੋੜਾ ਦੇ ਪਹਾੜੀ ਖੇਤਰਾਂ ਵਿਚ ਗਰਜ ਨਾਲ ਹਲਕਾ ਮੀਂਹ ਅਤੇ ਹੇਠਲੇ ਖੇਤਰਾਂ ਵਿਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਗੜ੍ਹਵਾਲ ਦੇ ਚਾਰਧਾਮ ਧਾਮ ਅਤੇ ਆਲੇ-ਦੁਆਲੇ ਦੇ ਉੱਚਾਈ ਵਾਲੇ ਇਲਾਕਿਆਂ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Tanu

Content Editor

Related News