''ਪਿਟਬੁੱਲ'' ਨੇ ਲਈ 7 ਸਾਲਾ ਮਾਸੂਮ ਦੀ ਜਾਨ, ਮਾਲਕ ''ਤੇ ਮਾਮਲਾ ਦਰਜ
Friday, Aug 30, 2024 - 02:41 PM (IST)
ਪਣਜੀ (ਭਾਸ਼ਾ)- ਉੱਤਰੀ ਗੋਆ ਦੇ ਅੰਜੁਨਾ ਪਿੰਡ 'ਚ 'ਪਿਟਬੁੱਲ' ਨਸਲ ਦੇ ਕੁੱਤੇ ਦੇ ਹਮਲੇ ਵਿਚ ਇਕ 7 ਸਾਲਾ ਬੱਚੇ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅੰਜੁਨਾ ਥਾਣੇ ਦੇ ਇੰਸਪੈਕਟਰ ਸੂਰਜ ਗਵਾਸ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਤੇ ਦੇ ਮਾਲਕ ਅਬਦੁਲ ਕਾਦਰ ਖਵਾਜਾ ਦੇ ਖਿਲਾਫ ਲਾਪਰਵਾਹੀ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਪ੍ਰਭਾਸ ਕਲੰਗੁਟਕਰ (7) ਆਪਣੀ ਮਾਂ ਨਾਲ ਸੈਰ ਕਰ ਰਿਹਾ ਸੀ ਜਦੋਂ 'ਪਿਟਬੁੱਲ' ਨੇ ਉਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 'ਪਿਟਬੁੱਲ' ਨੂੰ ਪੱਟੇ ਨਾਲ ਨਹੀਂ ਬੰਨ੍ਹਿਆ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੀ ਮਾਂ ਘਰਾਂ ਦਾ ਕੰਮ ਕਰਦੀ ਹੈ। ਬੱਚੇ ਨੂੰ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਸ਼ੂ ਪਾਲਣ ਮੰਤਰੀ ਨੀਲਕੰਤ ਹਲਰਨਕਰ ਨੇ ਕਿਹਾ ਕਿ ਰਾਜ ਸਰਕਾਰ ਨੇ ਕੁੱਤਿਆਂ ਦੀਆਂ ਕੁਝ ਹਮਲਾਵਰ ਨਸਲਾਂ ਨੂੰ ਪਾਲਣ 'ਤੇ ਪਾਬੰਦੀ ਲਗਾਈ ਹੈ ਪਰ ਉਨ੍ਹਾਂ ਦੇ ਮਾਲਕਾਂ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਮੰਤਰੀ ਨੇ ਕਿਹਾ ਕਿ ਉਹ ਕੁਝ ਖਤਰਨਾਕ ਕੁੱਤਿਆਂ ਦੀਆਂ ਨਸਲਾਂ 'ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਦੇ ਪ੍ਰਬੰਧਨ ਲਈ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਮੁੱਖ ਮੰਤਰੀ ਪ੍ਰਮੋਦ ਸਾਵੰਤ ਕੋਲ ਇਹ ਮਾਮਲਾ ਉਠਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8