ਸੀਨੀਅਰ ਪੱਤਰਕਾਰ ਡਾ. ਵੇਦ ਪ੍ਰਤਾਪ ਵੈਦਿਕ ਦਾ 78 ਸਾਲ ਦੀ ਉਮਰ ''ਚ ਦੇਹਾਂਤ
Tuesday, Mar 14, 2023 - 01:17 PM (IST)
ਨੈਸ਼ਨਲ ਡੈਸਕ- ਸੀਨੀਅਰ ਪੱਤਰਕਾਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਸ਼ਹੂਰ ਮਾਹਿਰ ਵੇਦ ਪ੍ਰਤਾਪ ਵੈਦਿਕ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 78 ਸਾਲ ਦੇ ਸਨ। ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੈਦਿਕ ਸਵੇਰੇ ਗੁੜਗਾਂਓ ਸਥਿਤ ਆਪਣੇ ਘਰ 'ਚ ਅਚਾਨਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ 'ਚ ਇਕ ਪੁੱਤਰ ਅਤੇ ਇਕ ਧੀ ਹੈ। ਉਨ੍ਹਾਂ ਦੀ ਪਤਨੀ ਦਾ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ।
ਉਹ ਇੱਕ ਸਿਆਸੀ ਵਿਸ਼ਲੇਸ਼ਕ ਅਤੇ ਸੁਤੰਤਰ ਕਾਲਮਨਵੀਸ ਸਨ। ਵੈਦਿਕ ਪ੍ਰੈੱਸ ਟਰੱਸਟ ਆਫ ਇੰਡੀਆ (ਪੀ.ਟੀ.ਆਈ.) ਦੀ ਹਿੰਦੀ ਸਮਾਚਾਰ ਏਜੰਸੀ 'ਭਾਸ਼ਾ' ਦੇ ਸੰਸਥਾਪਕ-ਸੰਪਾਦਕ ਰਹੇ ਸਨ। ਉਹ ਪਹਿਲਾਂ ਟਾਈਮਸ ਸਮੂਹ ਦੇ ਅਖਬਾਰ ਨਵਭਾਰਤ ਟਾਈਮਸ 'ਚ ਸੰਪਾਦਕ (ਵਿਚਾਰ) ਰਹਿਣ ਦੇ ਨਾਲ ਹੀ ਭਾਰਤੀ ਭਾਸ਼ਾ ਸੰਮੇਲਨ ਦੇ ਆਖਰੀ ਪ੍ਰਧਾਨ ਸਨ। ਉਨ੍ਹਾਂ ਨੇ 2014 'ਚ ਅੱਤਵਾਦੀ ਹਾਫਿਜ਼ ਸਈਦ ਦਾ ਇੰਟਰਵਿਊ ਲਿਆ ਸੀ।
ਵੇਦ ਪ੍ਰਤਾਪ ਵੈਦਿਕ ਦਾ ਜਨਮ 1944 ਨੂੰ ਇੰਦੌਰ 'ਚ ਹੋਇਆ ਸੀ। ਉਨ੍ਹਾਂ 1958 ਤੋਂ ਹੀ ਪੱਤਰਕਾਰੀ ਸ਼ੁਰੂ ਕਰ ਦਿੱਤੀ ਸੀ। ਉਹ ਦੇਸ਼ ਦੇ ਵੱਡੇ ਪੱਤਰਕਾਰ ਅਤੇ ਰਾਜਨੀਤਿਕ ਵਿਸ਼ਲੇਸ਼ਕ ਸਨ। ਉਨ੍ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਰਾਜਨੀਤੀ 'ਚ ਪੀ.ਐੱਚ.ਡੀ. ਕੀਤੀ ਸੀ। ਵੇਦ ਪ੍ਰਤਾਪ ਵੈਦਿਕ ਕਈ ਭਾਰਤੀ ਅਤੇ ਵਿਦੇਸ਼ੀ ਖੋਜ-ਸੰਸਥਾਵਾਂ ਅਤੇ ਯੂਨੀਵਰਸਿਟੀਆਂ 'ਚ ਵਿਜ਼ੀਟਿੰਗ ਪ੍ਰੋਫੇਸ ਰਹੇ ਹਨ।
ਵੇਦ ਪ੍ਰਤਾਪ ਵੈਦਿਕ ਨੇ 1957 'ਚ ਸਿਰਫ 13 ਸਾਲ ਦੀ ਉਮਰ 'ਚ ਹਿੰਦੀ ਲਈ ਸਤਿਆਗ੍ਰਹਿ ਕੀਤਾ ਅਤੇ ਪਹਿਲੀ ਵਾਰ ਜੇਲ੍ਹ ਗਏ। ਉਨ੍ਹਾਂ ਅੰਤਰਰਾਸ਼ਟਰੀ ਰਾਜਨੀਤੀ 'ਤੇ ਆਪਣਾ ਖੋਜ ਗ੍ਰੰਥ ਹਿੰਦੀ 'ਚ ਲਿਖਿਆ, ਇਸ ਕਾਰਨ ਸਕੂਲ ਆਫ ਇੰਟਰਨੈਸ਼ਨਲ ਸਟਡੀਜ਼ ਨੇ ਉਨ੍ਹਾਂ ਦੀ ਵਿਦਵਤਾ ਰੋਕ ਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਮੁੱਦੇ 'ਤੇ 1966-67 'ਚ ਭਾਰਤੀ ਸੰਸਦ 'ਚ ਜ਼ਬਰਦਸਤ ਹੰਗਾਮਾ ਹੋਇਆ ਸੀ। ਇਸਤੋਂ ਬਾਅਦ ਇੰਦਰਾ ਗਾਂਧੀ ਸਰਕਾਰ ਦੀ ਪਹਿਲ 'ਤੇ ਜੇ.ਐੱਨ.ਯੂ. ਦੇ ਨਿਯਮਾਂ 'ਚ ਬਦਲਾਅ ਹੋਇਆ ਅਤੇ ਉਨ੍ਹਾਂ ਨੂੰ ਵਾਪਸ ਲਿਆ ਗਿਆ ਸੀ।