ਤਾਜ ਮਹਿਲ ’ਚ ਕੱਲ ਤੋਂ ਸ਼ਾਹਜਹਾਂ ਅਤੇ ਮੁਮਤਾਜ ਦੀਆਂ ਅਸਲੀ ਕਬਰਾਂ ਵੇਖਣ ਦਾ ਮੌਕਾ, ਐਂਟਰੀ ਵੀ ਫਰੀ
Saturday, Feb 26, 2022 - 04:11 PM (IST)
ਆਗਰਾ– ਤਾਜ ਮਹਿਲ ਦਾ ਨਿਰਮਾਣ ਕਰਵਾਉਣ ਵਾਲੇ ਮੁਗਲ ਬਾਦਸ਼ਾਹ ਸ਼ਾਹਜਹਾਂ ਅਤੇ ਉਨ੍ਹਾਂ ਦੀ ਬੇਗਮ ਮੁਮਤਾਜ ਮਹਿਲ ਦੀਆਂ ਅਸਲੀ ਕਬਰਾਂ ਵੇਖਣ ਦਾ ਮੌਕਾ ਐਤਵਾਰ ਨੂੰ ਮਿਲਣ ਜਾ ਰਿਹਾ ਹੈ। ਪੂਰੇ ਸਾਲ ’ਚ ਸਿਰਫ਼ ਇਕ ਵਾਰ ਤਿੰਨ ਦਿਨਾਂ ਲਈ ਇਨ੍ਹਾਂ ਕਬਰਾਂ ਨੂੰ ਜਨਤਾ ਦੇ ਦੀਦਾਰ ਲਈ ਖੋਲ੍ਹਿਆ ਜਾਂਦਾ ਹੈ। ਇੰਨਾਂ ਹੀ ਨਹੀਂ ਤਿੰਨ ਦਿਨਾਂ ’ਚ ਤਾਜ ਮਹਿਲ ’ਚ ਐਂਟਰੀ ਵੀ ਫਰੀ ਰਹੇਗੀ। ਪਹਿਲੇ ਦੋ ਦਿਨ ਅੱਧੇ ਦਿਨ ਲਈ ਅਤੇ ਤੀਜੇ ਦਿਨ ਪੂਰੇ ਦਿਨ ਫਰੀ ਐਂਟਰੀ ਦੀ ਸਹੂਲਤ ਮਿਲੇਗੀ। ਇਹ ਮੌਕਾ ਹੈ ਸ਼ਾਹਜਹਾਂ ਦੇ ਊਰਸ ਦਾ।
ਊਰਸ ਦੌਰਾਨ ਮੁੱਖ ਮਕਬਰੇ ਦੇ ਤਹਿਖ਼ਾਨੇ ’ਚ ਸਥਿਤ ਸ਼ਾਹਜਹਾਂ ਅਤੇ ਮੁਮਤਾਜ ਮਹਿਲ ਦੀਆਂ ਅਸਲੀ ਕਬਰਾਂ ਨੂੰ ਖੋਲ੍ਹਿਆ ਜਾਵੇਗਾ। ਪਹਿਲੇ ਦਿਨ ਤਹਿਖਾਨੇ ’ਚ ਸਥਿਤ ਕਬਰਾਂ ਨੂੰ 27 ਫਰਵਰੀ ਦੁਪਹਿਰ 2 ਵਜੇ ਤਕ ਖੋਲ੍ਹਿਆ ਜਾਵੇਗਾ ਅਤੇ ਗੁਸਲ ਹੋਵੇਗਾ। ਦੂਜੇ ਦਿਨ 28 ਫਰਵਰੀ ਨੂੰ ਦੁਪਹਿਰ 2 ਵਜੇ ਸੰਦਲ ਦੀ ਰਸਮ ਅਦਾ ਕੀਤੀ ਜਾਵੇਗੀ। ਤੀਜੇ ਦਿਨ ਸ਼ਾਹਜਹਾਂ ਦੀ ਕਬਰ ’ਤੇ 1381 ਮੀਟਰ ਲੰਬੀ ਚਾਦਰ ਚੜ੍ਹਾਈ ਜਾਵੇਗੀ, ਜੋ ਕਿ ਇਸ ਤਿਉਹਾਰ ਦਾ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੈ। ਇਸ ਚਾਦਰਪੋਸ਼ੀ ਦੀ ਰਸਮ ਨੂੰ ਵੇਖਣ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਪਹੁੰਚਦੇ ਹਨ।
ਜ਼ਿਕਰਯੋਗ ਹੈ ਕਿ ਸਾਲ ਦੇ ਬਾਕੀ 362 ਦਿਨ ਅਸਲੀ ਕਬਰਾਂ ਸੈਲਾਨੀਆਂ ਲਈ ਬੰਦ ਰੱਖੀਆਂ ਜਾਂਦੀਆਂ ਹਨ। ਤਹਿਖਾਨੇ ਦੇ ਉੱਪਰ ਦੇ ਫਲੋਰ ’ਤੇ ਹੂ-ਬ-ਹੂ ਬਣੀਆਂ ਨਕਲੀ ਕਬਰਾਂ ਨੂੰ ਹੀ ਉਨ੍ਹਾਂ ਨੂੰ ਵਿਖਾਇਆ ਜਾਂਦਾ ਹੈ। ਨਿਗਰਾਨ ਪੁਰਾਤੱਤਵ-ਵਿਗਿਆਨੀ ਰਾਜਕੁਮਾਰ ਨੇ ਦੱਸਿਆ ਕਿ ਊਰਸ ’ਚ ਪਹਿਲੇ ਅਤੇ ਦੂਜੇ ਦਿਨ ਦੁਪਹਿਰ 2 ਵਜੇ ਤੱਕ ਅਤੇ ਤੀਜੇ ਦਿਨ ਸਮਾਰਕ ਖੁੱਲ੍ਹਣ ਤੋਂ ਬੰਦ ਹੋਣ ਤੱਕ ਸੈਲਾਨੀਆਂ ਨੂੰ ਫਰੀ ਐਂਟਰੀ ਦਿੱਤੀ ਜਾਵੇਗੀ।