ਸੁਰੱਖਿਆ ਕੁਤਾਹੀ ਦੇ ਇਕ ਦਿਨ ਬਾਅਦ ਸੰਸਦ ਦੇ ਅੰਦਰ ਅਤੇ ਬਾਹਰ ਸੁਰੱਖਿਆ ਸਖ਼ਤ

Thursday, Dec 14, 2023 - 01:10 PM (IST)

ਨਵੀਂ ਦਿੱਲੀ- ਸੁਰੱਖਿਆ ਵਿਚ ਕੁਤਾਹੀ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਸੰਸਦ ਭਵਨ ਦੇ ਅੰਦਰ ਅਤੇ ਉਸ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਕਦਮ ਚੁੱਕੇ ਗਏ ਹਨ। ਪੁਲਸ ਅਤੇ ਸੰਸਦ ਸੁਰੱਖਿਆ ਕਰਮੀਆਂ ਨੇ ਕੰਪਲੈਕਸ 'ਚ ਦਾਖ਼ਲ ਹੋਣ ਵਾਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ। ਸੰਸਦ ਕੰਪਲੈਕਸ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਟਰਾਂਸਪੋਰਟ ਭਵਨ ਦੇ ਬਾਹਰ ਤਾਇਨਾਤ ਸੁਰੱਖਿਆ ਕਰਮੀਆਂ ਨੇ ਕਿਸੇ ਨੂੰ ਵੀ ਬੈਰੀਕੇਡ ਤੋਂ ਅੱਗੇ ਜਾਣ ਦੀ ਇਜਾਜ਼ਤ ਉਦੋਂ ਤਕ ਨਹੀਂ ਦਿੱਤੀ, ਜਦੋਂ ਤੱਕ ਉਨ੍ਹਾਂ ਨੇ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਨਹੀਂ ਕਰ ਲਈ।  ਸੰਸਦ ਮੈਂਬਰਾਂ ਦੇ ਵਾਹਨ ਡਰਾਈਵਰਾਂ ਨੂੰ ਪਾਸ ਤੋਂ ਬਿਨਾਂ ਕੰਪਲੈਕਸ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। 

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

ਸੰਸਦ ਕੰਪਲੈਕਸ ਦੇ ਪ੍ਰਵੇਸ਼ ਦੁਆਰ 'ਤੇ ਮੀਡੀਆ ਕਰਮੀਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਮੰਗੇ ਗਏ ਅਤੇ ਉਨ੍ਹਾਂ ਤੋਂ ਜ਼ਰੂਰੀ ਸਵਾਲ ਵੀ ਕੀਤੇ ਗਏ। ਨਵੇਂ ਸੰਸਦ ਭਵਨ ਦੇ ਦੋ ਦੁਆਰ ਯਾਨੀ ਕਿ ਗੇਟ ਹਨ। ਇਕ 'ਮਕਰ ਦੁਆਰ' ਅਤੇ ਦੂਜਾ 'ਸ਼ਾਰਦੁਲ ਦੁਆਰ'। ਮਕਰ ਦੁਆਰ ਤੋਂ ਸੰਸਦ ਦੇ ਨਵੇਂ ਭਵਨ 'ਚ ਕਿਸੇ ਨੂੰ ਦਾਖ਼ਲੇ ਦੀ ਇਜਾਜ਼ਤ ਨਹੀਂ ਹੈ। ਮਕਰ ਦੁਆਰ 'ਤੇ ਸਾਰਿਆਂ ਲਈ ਪਾਬੰਦੀ ਲਗਾਈ ਗਈ ਹੈ। ਮੀਡੀਆ ਕਰਮੀਆਂ ਨੂੰ ਪੁਰਾਣੇ ਸੰਸਦ ਭਵਨ ਦੇ ਗੇਟ ਨੰਬਰ-12 ਕੋਲ ਲਾਨ ਵਿਚ ਭੇਜ ਦਿੱਤਾ ਗਿਆ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਮਕਰ ਦੁਆਰ ਤੋਂ ਸੰਸਦ ਦੇ ਨਵੇਂ ਭਵਨ 'ਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ। 

PunjabKesari

ਇਹ ਵੀ ਪੜ੍ਹੋ- ਲੋਕ ਸਭਾ 'ਚ ਸੁਰੱਖਿਆ ਕੁਤਾਹੀ ਮਗਰੋਂ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੀ ਐਂਟਰੀ ਬੰਦ

ਕੀ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ ਸੰਸਦ 'ਤੇ 2001 ਦੇ ਅੱਤਵਾਦੀ ਹਮਲੇ ਦੀ ਬਰਸੀ ਦੇ ਦਿਨ ਬੁੱਧਵਾਰ ਨੂੰ ਸੁਰੱਖਿਆ 'ਚ ਕੁਤਾਹੀ ਦੀ ਇਕ ਵੱਡੀ ਘਟਨਾ ਸਾਹਮਣੇ ਆਈ, ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕ-ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ, ਨਾਅਰੇ ਲਗਾਏ ਅਤੇ 'ਕੇਨ' ਜ਼ਰੀਏ ਪੀਲੇ ਰੰਗ ਦਾ ਧੂੰਆਂ ਫੈਲਾ ਦਿੱਤਾ। ਜਿਸ ਨਾਲ ਸਦਨ ਅੰਦਰ ਦਹਿਸ਼ਤ ਫੈਲ ਗਈ। ਉਸੇ ਸਮੇਂ ਹੀ ਦੋ ਹੋਰ ਦੋਸ਼ੀਆਂ- ਅਮੋਲ ਸ਼ਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ 'ਕੇਨ' ਤੋਂ ਰੰਗਦਾਰ ਧੂੰਆਂ ਛੱਡਿਆ ਅਤੇ 'ਤਾਨਾਸ਼ਾਹੀ ਨਹੀਂ ਚੱਲੇਗੀ' ਵਰਗੇ ਨਾਅਰੇ ਲਗਾਏ। ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਹਾਂ ਦੀ ਪਛਾਣ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਘਾਸੋ ਖੁਰਦ ਦੀ ਵਾਸੀ ਨੀਲਮ (42) ਅਤੇ ਮਹਾਰਾਸ਼ਟਰ ਦੇ ਲਾਤੂਰ ਵਾਸੀ ਅਮੋਲ ਸ਼ਿੰਦੇ (25) ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ-  ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 


Tanu

Content Editor

Related News