ਇਕ ਵਾਰ ਫ਼ਿਰ ਕਸ਼ਮੀਰ ਨੂੰ ਦਹਿਲਾਉਣ ਦੀ ਕੋਸ਼ਿਸ਼ ! ਹੈਂਡ ਗ੍ਰਨੇਡ ਤੇ ਹਥਿਆਰਾਂ ਸਣੇ 2 ਗ੍ਰਿਫ਼ਤਾਰ
Monday, May 19, 2025 - 11:53 AM (IST)

ਸ਼ੋਪੀਆਂ- ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਦਰਅਸਲ ਸੁਰੱਖਿਆ ਬਲਾਂ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹੈਂਡ ਗ੍ਰਨੇਡ ਸਮੇਤ ਕਈ ਹਥਿਆਰ ਬਰਾਮਦ ਕੀਤੇ ਗਏ ਹਨ, ਜਿਸ ਵਿਚ ਜ਼ਿੰਦਾ ਕਾਰਤੂਸ ਅਤੇ ਪਿਸਤੌਲਾਂ ਸ਼ਾਮਲ ਹਨ। ਦੱਸ ਦੇਈਏ ਕਿ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਗਈ ਹੈ। ਇਸੇ ਕ੍ਰਮ ਵਿਚ ਤਲਾਸ਼ੀ ਦੌਰਾਨ ਦੋ ਸ਼ੱਕੀਆਂ ਨੂੰ ਫੜਿਆ ਗਿਆ ਹੈ।
ਸਰਚ ਆਪ੍ਰੇਸ਼ਨ ਲਗਾਤਾਰ ਜਾਰੀ
ਦਰਅਸਲ SOG ਸ਼ੋਪੀਆਂ, CRPF 178 ਬਟਾਲੀਅਨ ਅਤੇ 34 ਰਾਸ਼ਟਰੀ ਰਾਈਫਲਜ਼ ਵਲੋਂ ਇਲਾਕੇ ਵਿਚ ਗਸ਼ਤੀ ਮੁਹਿੰਮ ਚਲਾਈ ਜਾ ਰਹੀ ਹੈ। ਤਲਾਸ਼ੀ ਅਤੇ ਉਸ ਤੋਂ ਬਾਅਦ ਦੀ ਪੁੱਛ-ਗਿੱਛ ਦੌਰਾਨ ਉਨ੍ਹਾਂ ਦੇ ਕਬਜ਼ੇ ਤੋਂ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਹੋਇਆ ਹੈ। ਦੋਹਾਂ ਸ਼ੱਕੀਆਂ ਕੋਲੋਂ 4 ਹੈਂਡ ਗ੍ਰਨੇਡ, 2 ਪਿਸਤੌਲਾਂ, 43 ਜ਼ਿੰਦਾ ਕਾਰਤੂਸ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਇਕ FIR ਦਰਜ ਕੀਤੀ ਗਈ ਹੈ।