ਪਾਕਿ ਦੀ ਨਾ''ਪਾਕ'' ਸਾਜ਼ਿਸ਼ ! ਰਿਹਾਇਸ਼ੀ ਇਮਾਰਤਾਂ ਤੇ ਧਾਰਮਿਕ ਅਸਥਾਨਾਂ ਨੂੰ ਪਹੁੰਚਾ ਰਿਹੈ ਨੁਕਸਾਨ
Saturday, May 10, 2025 - 10:21 AM (IST)

ਕੁਪਵਾੜਾ- ਭਾਰਤ-ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਵਿਚਾਲੇ ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਡਰੋਨ ਰਾਹੀ ਹਮਲੇ ਕੀਤੇ ਜਾ ਰਹੇ ਹਨ। ਪਾਕਿਸਤਾਨ ਵਲੋਂ ਕੀਤੇ ਗਏ ਇਸ ਹਮਲੇ ਵਿਚ ਜੰਮੂ-ਕਸ਼ਮੀਰ ਦੇ ਕੁਪਵਾੜਾ, ਉੜੀ ਅਤੇ ਪੁੰਛ ਵਿਚ ਘਰਾਂ ਅਤੇ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਉੜੀ ਵਿਚ ਵੀ ਗੋਲੀਬਾਰੀ ਕਾਰਨ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਵਿਚ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਓਧਰ ਪੁੰਛ ਵਿਚ ਨਾਗਰਿਕ ਇਲਾਕਿਆਂ 'ਚ ਘਰਾਂ ਅਤੇ ਪਾਣੀ ਦੀਆਂ ਟੰਕੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪੁੰਛ ਵਾਸੀ ਬਲਬੀਰ ਸਿੰਘ ਨੇ ਕਿਹਾ ਕਿ ਪੂਰਾ ਘਰ ਨੁਕਸਾਨਿਆ ਗਿਆ। ਆਲੇ-ਦੁਆਲੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਾਕਿਸਤਾਨ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਹ ਜਾਣਬੁੱਝ ਕੇ ਪੁੰਛ ਨੂੰ ਨਿਸ਼ਾਨਾ ਬਣਾ ਰਹੇ ਹਨ। ਗੁਰਦੁਆਰਾ ਸਾਹਿਬ, ਮੰਦਰ ਅਤੇ ਮਸਜਿਦ ਉਨ੍ਹਾਂ ਨੇ ਕੁਝ ਵੀ ਨਹੀਂ ਛੱਡਿਆ ਹੈ। ਇਹ ਸਭ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਹੈ ਕਿ ਉਹ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਲੋਕ ਡਰੇ ਹੋਏ ਹਨ ਪਰ ਉਨ੍ਹਾਂ ਵਿਚ ਜਜ਼ਬਾ ਹੈ ਕਿ ਉਹ ਇੱਥੇ ਹੀ ਰਹਿਣਗੇ ਅਤੇ ਭਾਰਤੀ ਫ਼ੌਜ ਨਾਲ ਖੜ੍ਹੇ ਰਹਿਣਗੇ।
ਦੱਸ ਦੇਈਏ ਕਿ ਅੱਜ ਤੜਕੇ ਭਾਰਤੀ ਹਮਲਿਆਂ ਵਿਚ ਪਾਕਿਸਤਾਨ ਦੇ ਚਾਰ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੂਤਰਾਂ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਵਲੋਂ ਭਾਰਤ ਭਰ ਵਿਚ 26 ਥਾਵਾਂ 'ਤੇ ਹਮਲਾ ਕਰਨ ਦੇ ਤਰੁੰਤ ਬਾਅਦ ਜਵਾਬੀ ਹਮਲਾ ਕੀਤਾ। ਕੰਟਰੋਲ ਰੇਖਾਂ 'ਤੇ ਕਈ ਥਾਵਾਂ 'ਤੇ ਅਜੇ ਵੀ ਰੁੱਕ-ਰੁੱਕ ਕੇ ਗੋਲੀਬਾਰੀ ਜਾਰੀ ਹੈ।