ਭਾਰਤ ਦੀ ਵਧੀ ਤਾਕਤ; ਲੱਦਾਖ ’ਚ ਐਂਟੀ ਟੈਂਕ ਮਿਜ਼ਾਈਲ ‘ਹੇਲੀਨਾ’ ਦਾ ਸਫ਼ਲ ਪਰੀਖਣ
Tuesday, Apr 12, 2022 - 05:55 PM (IST)
ਨਵੀਂ ਦਿੱਲੀ- ਭਾਰਤ ਨੇ ਅੱਜ ਲੱਦਾਖ ਦੇ ਉੱਚਾਈ ਵਾਲੇ ਇਲਾਕਿਆਂ ’ਚ ਹੈਲੀਕਾਪਟਰ ਤੋਂ ਦਾਗੀ ਜਾਣ ਵਾਲੀ ਟੈਂਕ-ਰੋਧੀ ਗਾਈਡੇਡ ਮਿਜ਼ਾਈਲ ‘ਹੇਲਿਨਾ’ ਦਾ ਦੂਜਾ ਸਫਲ ਪਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਕਿਹਾ ਕਿ ਇਸ ਮਿਜ਼ਾਈਲ ਦਾ ਸਫ਼ਲ ਪਰੀਖਣ ਸੋਮਵਾਰ ਨੂੰ ਕੀਤਾ ਗਿਆ ਸੀ। ਇਹ ਦੁਨੀਆ ਦੀ ਅਤਿਆਧੁਨਿਕ ਮਿਜ਼ਾਈਲਾਂ ’ਚ ਸ਼ੁਮਾਰ ਹੈ। ਇਸ ਨੂੰ ਦੇਸ਼ ’ਚ ਨਿਰਮਿਤ ਹੈਲੀਕਾਪਟਰ ਤੋਂ ਸਟੀਕ ਨਿਸ਼ਾਨੇ ’ਤੇ ਦਾਗਿਆ ਗਿਆ। ਇਸ ਮਿਜ਼ਾਈਲ ਦੀ ਤੁਲਨਾ ਚੀਨ ਦੀ ਵਾਇਰ ਗਾਈਡੇਡ ਐੱਚ. ਜੇ-8 ਅਤੇ ਪਾਕਿਸਤਾਨ ਦੀ ਬਾਰਕ ਲੇਜ਼ਰ ਗਾਈਡੇਡ ਮਿਜ਼ਾਈਲ ਨਾਲ ਕੀਤੀ ਜਾ ਰਹੀ ਹੈ।
ਲੱਦਾਖ ਵਰਗੀ ਵਧੇਰੇ ਉੱਚਾਈ ਵਾਲੀਆਂ ਸਰਹੱਦਾਂ ’ਤੇ ਇਸ ਦਾ ਅੱਜ ਦੂਜੀ ਵਾਰ ਸਫ਼ਲਤਾਪੂਰਵਕ ਪਰੀਖਣ ਕੀਤਾ ਗਿਆ। ਮਿਜ਼ਾਈਲ ਦਾ ਪਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.), ਭਾਰਤੀ ਫ਼ੌਜ ਅਤੇ ਭਾਰਤੀ ਹਵਾਈ ਫ਼ੌਜ ਦੇ ਵਿਗਿਆਨੀਆਂ ਦੀ ਟੀਮਾਂ ਵਲੋਂ ਸਾਂਝੇ ਰੂਪ ਨਾਲ ਕੀਤਾ ਗਿਆ। ਪਰੀਖਣ ਦੌਰਾਨ ਫ਼ੌਜ ਦੇ ਸੀਨੀਅਰ ਕਮਾਂਡਰ ਅਤੇ ਡੀ. ਆਰ. ਡੀ. ਓ. ਦੇ ਵਿਗਿਆਨੀ ਵੀ ਮੌਜੂਦ ਰਹੇ। ਰੱਖਿਆ ਮੰਤਰਾਲਾ ਮੁਤਾਬਕ ਹੇਲਿਨਾ ਹਰ ਮੌਸਮ ’ਚ ਦਿਨ ਜਾਂ ਰਾਤ ਕਦੇ ਵੀ ਨਿਸ਼ਾਨਾ ਲਾ ਕੇ ਟੀਚਾ ਨਸ਼ਟ ਕਰਨ ’ਚ ਸਮਰੱਥ ਹੈ ਅਤੇ ਇਹ ਜੰਗੀ ਟੈਂਕਰਾਂ ਨੂੰ ਤਬਾਹ ਕਰ ਸਕਦੀ ਹੈ।
ਜਾਣਕਾਰੀ ਮੁਤਾਬਕ ਮਿਜ਼ਾਈਲ ਨੂੰ ਇਕ ਇਮੇਜਿੰਗ ਇੰਫਾ-ਰੇਡ ਕੌਸ਼ਲ ਪ੍ਰਣਾਲੀ ਵਲੋਂ ਨਿਰਦੇਸ਼ਿਤ ਕੀਤਾ ਜਾਂਦਾ ਹੈ, ਜੋ ਲਾਂਚ ਤੋਂ ਪਹਿਲਾਂ ਲਾਕ ਆਨ ਮੋਡ ’ਚ ਕੰਮ ਕਰਦਾ ਹੈ। ਡੀ. ਆਰ. ਡੀ. ਓ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਦੁਨੀਆ ਦੇ ਸਭ ਤੋਂ ਉੱਨਤ ਟੈਂਕ ਰੋਧੀ ਹਥਿਆਰਾਂ ’ਚੋਂ ਇਕ ਹੈ। ਇਸ ਦੀ ਮਾਰਕ ਸਮਰੱਥਾ 7 ਕਿਲੋਮੀਟਰ ਹੈ। ਇਹ ਆਪਣੀ ਰੇਂਜ ’ਚ ਆਉਣ ਵਾਲੇ ਦੁਸ਼ਮਣਾਂ ਦੇ ਟੈਂਕ ਨੂੰ ਆਸਾਨੀ ਨਾਲ ਤਬਾਹ ਕਰ ਸਕਦੀ ਹੈ। ਇਸ ਨੂੰ ਡੀ. ਆਰ. ਡੀ. ਓ. ਨੇ ਵਿਕਸਿਤ ਕੀਤਾ ਹੈ।