ਨੋਟਬੰਦੀ ''ਤੇ ਪਰਦਾ ਪਾਉਣ ਲਈ ਕੀਤੀ ਗਈ ''ਦੂਜੀ ਨੋਟਬੰਦੀ, ਹੋਵੇ ਨਿਰਪੱਖ ਜਾਂਚ : ਖੜਗੇ
Saturday, May 20, 2023 - 01:02 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ 2 ਹਜ਼ਾਰ ਰੁਪਏ ਦੇ ਨੋਟ ਨੂੰ ਸਤੰਬਰ 2023 ਤੋਂ ਬਾਅਦ ਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਿਆ। ਖੜਗੇ ਨੇ ਸਵਾਲ ਕੀਤਾ ਕਿ ਕੀ ਨੋਟਬੰਦੀ ਰੂਪੀ ਗਲਤ ਫ਼ੈਸਲੇ 'ਤੇ ਪਰਦਾ ਪਾਉਣ ਲਈ ਇਹ 'ਦੂਜੀ ਨੋਟਬੰਦੀ' ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਨਿਰਪੱਖ ਜਾਂਚ ਨਾਲ ਹੀ ਪੂਰੀ ਸੱਚਾਈ ਸਾਹਮਣੇ ਆਏਗੀ।
ਖੜਗੇ ਨੇ ਟਵੀਟ ਕੀਤਾ,''ਤੁਸੀਂ ਪਹਿਲੀ ਨੋਟਬੰਦੀ ਨਾਲ ਅਰਥਵਿਵਸਥਾ ਨੂੰ ਇਕ ਡੂੰਘਾ ਜ਼ਖ਼ਮ ਦਿੱਤਾ ਸੀ, ਜਿਸ ਨਾਲ ਪੂਰਾ ਅਸੰਗਠਿਤ ਖੇਤਰ ਤਬਾਹ ਹੋ ਗਿਆ, ਐੱਮ.ਐੱਸ.ਐੱਮ.ਈ. (ਸੂਖਮ, ਲਘੁ ਅਤ ਮੱਧਮ ਉਦਯੋਗ) ਠੱਪ ਹੋ ਗਏ ਅਤੇ ਕਰੋੜਾਂ ਰੁਜ਼ਗਾਰ ਗਏ! ਹੁਣ 2 ਹਜ਼ਾਰ ਰੁਪਏ ਦੇ ਨੋਟ ਵਾਲੀ 'ਦੂਜੀ ਨੋਟਬੰਦੀ'। ਕੀ ਇਹ ਗਲਤ ਫ਼ੈਸਲੇ ਦੇ ਉੱਪਰ ਪਰਦਾ ਪਾਉਣਾ ਹੈ? ਇਕ ਨਿਰਪੱਖ ਜਾਂਚ ਤੋਂ ਹੀ ਕਾਰਨਾਮਿਆਂ ਦੀ ਸੱਚਾਈ ਸਾਹਮਣੇ ਆਏਗੀ।'' ਦੱਸਣਯੋਗ ਹੈ ਕਿ ਆਰ.ਬੀ.ਆਈ. ਨੇ 2 ਹਜ਼ਾਰ ਰੁਪਏ ਦੇ ਨੋਟ ਨੂੰ ਸਤੰਬਰ 2023 ਤੋਂ ਬਾਅਦ ਚਲਨ ਤੋਂ ਬਾਹਰ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਇਸ ਮੁੱਲ ਦੇ ਨੋਟ ਨੂੰ ਬੈਕਾਂ 'ਚ 23 ਮਈ ਤੋਂ ਜਾ ਕੇ ਬਦਲਿਆ ਜਾ ਸਕਦਾ ਹੈ। ਆਰ.ਬੀ.ਆਈ. ਨੇ ਸ਼ਾਮ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਹੁਣ ਚਲਨ 'ਚ ਮੌਜੂਦ 2 ਹਜ਼ਾਰ ਰੁਪਏ ਦੇ ਨੋਟ ਵੈਧ ਮੁਦਰਾ ਬਣੇ ਰਹਿਣਗੇ। ਆਰ.ਬੀ.ਆਈ. ਨੇ ਬੈਂਕਾਂ ਨੂੰ 30 ਸਤੰਬਰ ਤੱਕ ਇਹ ਨੋਟ ਜਮ੍ਹਾ ਕਰਨ ਅਤੇ ਬਦਲਣ ਦੀ ਸਹੂਲਤ ਦੇਣ ਲਈ ਕਿਹਾ ਹੈ। ਹਾਲਾਂਕਿ, ਇਕ ਵਾਰ 'ਚ ਸਿਰਫ਼ 20 ਹਜ਼ਾਰ ਰੁਪਏ ਮੁੱਲ ਦੇ ਨੋਟ ਹੀ ਬਦਲੇ ਜਾ ਸਕਣਗੇ।