ਜੰਤਰ-ਮੰਤਰ ''ਤੇ ਕਿਸਾਨਾਂ ਦੀ ''ਕਿਸਾਨ ਸੰਸਦ'' ਦਾ ਦੂਜਾ ਦਿਨ, ਸ਼ਾਂਤੀਪੂਰਨ ਰਿਹਾ ਪ੍ਰਦਰਸ਼ਨ
Friday, Jul 23, 2021 - 04:20 PM (IST)
ਨਵੀਂ ਦਿੱਲੀ- ਸੰਸਦ 'ਚ ਜਾਰੀ ਮਾਨਸੂਨ ਸੈਸ਼ਨ ਦੇ ਨਾਲ-ਨਾਲ ਜੰਤਰ-ਮੰਤਰ 'ਤੇ ਆਯੋਜਿਤ 'ਕਿਸਾਨ ਸੰਸਦ' ਸ਼ੁੱਕਵਾਰ ਨੂੰ ਦੂਜੇ ਦਿਨ ਵੀ ਚਲੀ। ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਨੀਮ ਫ਼ੌਜੀ ਫ਼ੋਰਸ ਅਤੇ ਪੁਲਸ ਮੁਲਾਜ਼ਮ ਪ੍ਰਵੇਸ਼ ਦੁਆਰ 'ਤੇ ਭਾਰੀ ਬੈਰੀਕੇਡ ਨਾਲ ਪ੍ਰਦਰਸ਼ਨ ਸਥਾਨ 'ਤੇ ਤਾਇਨਾਤ ਕੀਤੇ ਗਏ ਹਨ। ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਕਿਸਾਨਾਂ ਨੇ 'ਕਿਸਾਨ ਸੰਸਦ' ਦਾ ਆਯੋਜਨ ਸਦਨ ਪ੍ਰਧਾਨ ਹਰਦੇਵ ਅਰਸ਼ੀ, ਉੱਪ ਪ੍ਰਧਾਨ ਜਗਤਾਰ ਸਿੰਘ ਬਾਜਵਾ ਅਤੇ 'ਖੇਤੀ ਮੰਤਰੀ' ਨਾਲ ਕੀਤਾ। ਕਿਸਾਨ ਸੰਸਦ 'ਚ ਇਕ ਘੰਟੇ ਦਾ ਪ੍ਰਸ਼ਨਕਾਲ ਵੀ ਰੱਖਿਆ ਗਿਆ ਸੀ, ਜਿਸ 'ਚ ਖੇਤੀ ਮੰਤਰੀ 'ਤੇ ਸਵਾਲਾਂ ਦੀ ਬੌਛਾਰ ਕੀਤੀ ਗਈ, ਜਿਨ੍ਹਾਂ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਕਿਵੇਂ ਪੈਰ ਫੈਲਾਉਂਦੀ ਕੋਵਿਡ ਗਲੋਬਲ ਮਹਾਮਾਰੀ ਦਰਮਿਆਨ, ਕਿਸਾਨਾਂ ਨੂੰ ਉਨ੍ਹਾਂ ਦੇ ਘਰ ਨੂੰ ਪਰਤਣ ਅਤੇ ਉਨ੍ਹਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਸੀ। ਹਰ ਵਾਰ ਜਦੋਂ ਮੰਤਰੀ ਸੰਤੋਸ਼ਜਨਕ ਜਵਾਬ ਦੇਣ 'ਚ ਅਸਫ਼ਲ ਰਹਿੰਦੇ, ਸਦਨ ਦੇ ਮੈਂਬਰ ਉਨ੍ਹਾਂ ਨੂੰ ਸ਼ਰਮਿੰਦਾ ਕਰਦੇ, ਆਪਣੇ ਹੱਥ ਉਠਾਉਂਦੇ ਅਤੇ ਉਨ੍ਹਾਂ ਦੇ ਜਵਾਬਾਂ ਪ੍ਰਤੀ ਨਾਰਾਜ਼ਗੀ ਜਤਾਉਂਦੇ। ਸੰਸਦ 'ਚ ਜਾਰੀ ਮਾਨਸੂਨ ਸੈਸ਼ਨ ਨਾਲ ਕੇਂਦਰ ਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਿਤ ਕਰਨ ਲਈ 200 ਕਿਸਾਨਾਂ ਦਾ ਇਕ ਸਮੂਹ ਵੀਰਵਾਰ ਨੂੰ ਮੱਧ ਦਿੱਲੀ ਦੇ ਜੰਤਰ-ਮੰਤਰ ਪਹੁੰਚਿਆ। ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਜੰਤਰ-ਮੰਤਰ 'ਤੇ 200 ਕਿਸਾਨਾਂ ਨੂੰ 9 ਅਗਸਤ ਤੱਕ ਪ੍ਰਦਰਸ਼ਨ ਦੀ ਵਿਸ਼ੇਸ਼ ਮਨਜ਼ੂਰੀ ਦਿੱਤੀ ਹੈ। ਜੰਤਰ-ਮੰਤਰ ਸੰਸਦ ਕੰਪਲੈਕਸ ਤੋਂ ਸਿਰਫ਼ ਕੁਝ ਮੀਟਰ ਦੂਰੀ 'ਤੇ ਹੈ।