ਸਿੰਧੀਆ ਨੇ ਰਾਹੁਲ ਨੂੰ ਇਤਿਹਾਸ ਪੜ੍ਹਨ ਦੀ ਦਿੱਤੀ ਸਲਾਹ, ਕਾਂਗਰਸ ਨੇ ਕੀਤਾ ਜਵਾਬੀ ਹਮਲਾ
Tuesday, Jan 28, 2025 - 09:03 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਓਤਿਰਾਦਿੱਤਿਆ ਸਿੰਧੀਆ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਇਕ ਟਿੱਪਣੀ ’ਤੇ ਜਵਾਬੀ ਹਮਲਾ ਕਰਦਿਆਂ ਮੰਗਲਵਾਰ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਇਤਿਹਾਸ ਪੜ੍ਹਨਾ ਚਾਹੀਦਾ ਹੈ ਤੇ ਫਿਰ ਸ਼ਾਹੀ ਪਰਿਵਾਰਾਂ ਬਾਰੇ ਕੋਈ ਬਿਆਨ ਦੇਣਾ ਚਾਹੀਦਾ ਹੈ।
ਕਾਂਗਰਸ ਦੇ ਮੀਡੀਆ ਸੈੱਲ ਦੇ ਮੁਖੀ ਪਵਨ ਖੇੜਾ ਨੇ ਝਾਂਸੀ ਦੀ ਰਾਣੀ ਦੀ ਬਹਾਦਰੀ ਬਾਰੇ ਇਕ ਮਸ਼ਹੂਰ ਕਵਿਤਾ ਦੇ ਇਕ ਅੰਸ਼ ਦਾ ਹਵਾਲਾ ਦੇ ਕੇ ਸਿੰਧੀਆ ’ਤੇ ਜਵਾਬੀ ਹਮਲਾ ਕੀਤਾ ਤੇ ਕਿਹਾ ਕਿ ਇਤਿਹਾਸ ਸਿੰਧੀਆ ਦੇ ਸ਼ਾਹੀ ਪਰਿਵਾਰ ’ਤੇ ਉਂਗਲਾਂ ਉਠਾਉਂਦਾ ਹੈ।
ਦੱਸਣਯੋਗ ਹੈ ਕਿ ਸੋਮਵਾਰ ਮੱਧ ਪ੍ਰਦੇਸ਼ ਦੇ ਮਹੂ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਪਹਿਲਾਂ ਦਲਿਤਾਂ, ਪੱਛੜੇ ਵਰਗਾਂ ਤੇ ਆਦਿਵਾਸੀਆਂ ਕੋਲ ਕੋਈ ਅਧਿਕਾਰ ਨਹੀਂ ਸਨ। ਉਸ ਸਮੇਂ ਸਿਰਫ ਰਾਜਿਆਂ-ਮਹਾਰਾਜਿਆਂ ਕੋਲ ਹੀ ਅਧਿਕਾਰ ਸਨ।
ਰਾਹੁਲ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸਿੰਧੀਆ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਸੰਵਿਧਾਨ ਨੂੰ ਆਪਣੀ ‘ਪਾਕਿਟ ਡਾਇਰੀ’ ਸਮਝਣ ਵਾਲੇ ਰਾਹੁਲ ਗਾਂਧੀ ਦਾ ਬਿਆਨ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਸ਼ਾਹੀ ਪਰਿਵਾਰਾਂ ਦੀ ਭੂਮਿਕਾ ਬਾਰੇ ਉਨ੍ਹਾਂ ਦੀ ਸੌੜੀ ਸੋਚ ਤੇ ਸਮਝ ਨੂੰ ਪ੍ਰਗਟ ਕਰਦਾ ਹੈ। ਸੱਤਾ ਤੇ ਅਹੁਦੇ ਦੀ ਭੁੱਖ ’ਚ ਉਹ ਇਹ ਭੁੱਲ ਗਏ ਹਨ ਕਿ ਇਨ੍ਹਾਂ ਸ਼ਾਹੀ ਪਰਿਵਾਰਾਂ ਨੇ ਕਈ ਸਾਲ ਪਹਿਲਾਂ ਭਾਰਤ ’ਚ ਬਰਾਬਰੀ ਤੇ ਸਮਾਵੇਸ਼ੀ ਵਿਕਾਸ ਦੀ ਨੀਂਹ ਰੱਖੀ ਸੀ। ਰਾਹੁਲ ਗਾਂਧੀ ਨੂੰ ਪਹਿਲਾਂ ਇਤਿਹਾਸ ਪੜ੍ਹਨਾ ਚਾਹੀਦਾ ਹੈ, ਫਿਰ ਬਿਆਨ ਦੇਣਾ ਚਾਹੀਦਾ ਹੈ।
ਇਸੇ ਦੌਰਾਨ ਖੇੜਾ ਨੇ ਸਿੰਧੀਆ ’ਤੇ ਜਵਾਬੀ ਹਮਲਾ ਕਰਦਿਆਂ ‘ਐਕਸ’ ’ਤੇ ਪੋਸਟ ਕੀਤਾ ਕਿ ਇਤਿਹਾਸ ਤੁਹਾਡੇ ਵੱਲ ਉਂਗਲ ਉਠਾਉਂਦਾ ਹੈ ਤੇ ਰੋਂਦਾ ਹੈ ਯੂਅਰ ਹਾਈਨੈੱਸ। ਜੇ ਸੰਵਿਧਾਨ ’ਚ 26ਵੀਂ ਸੋਧ ਨਾ ਕੀਤੀ ਗਈ ਹੁੰਦੀ ਤਾਂ ਅੱਜ ਵੀ ਭਾਰਤ ਸਰਕਾਰ ਵੱਲੋਂ ਗਵਾਲੀਅਰ ਦੇ ਸ਼ਾਹੀ ਪਰਿਵਾਰ ਨੂੰ ਕਰੋੜਾਂ ਰੁਪਏ ਟੈਕਸ ਮੁਕਤ ਦਿੱਤੇ ਜਾ ਰਹੇ ਹੁੰਦੇ।