ਐਂਟੀਬਾਇਓਟਿਕ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਵਿਗਿਆਨੀਆਂ ਨੇ ਲੱਭਿਆ ਨਵਾਂ ਤਰੀਕਾ
Monday, Apr 17, 2023 - 05:49 PM (IST)

ਨਵੀਂ ਦਿੱਲੀ (ਭਾਸ਼ਾ)- ਵਿਗਿਆਨੀਆਂ ਨੇ ਇਕ ਅਜਿਹਾ ਨਵਾਂ ਤਰੀਕਾ ਲੱਭਿਆ ਹੈ, ਜਿਸ 'ਚ ਐਂਟੀਬਾਇਓਟਿਕ 'ਚ ਇਕ ਸੁਰੱਖਿਆਤਮਕ ਐਂਟੀਡੋਟ ਮਿਲਾਇਆ ਜਾਂਦਾ ਹੈ ਤਾਂ ਕਿ ਦਵਾਈ ਦੇ ਅਸਰ ਨੂੰ ਘੱਟ ਕੀਤੇ ਬਿਨਾਂ ਉਸ ਦੇ ਮਾੜੇ ਪ੍ਰਭਾਵ ਘੱਟ ਹੋ ਸਕਣ। 'ਨੇਚਰ' ਜਨਰਲ 'ਚ ਪ੍ਰਕਾਸ਼ਿਤ ਅਧਿਐਨ 'ਚ ਅੰਤੜੀਆਂ ਦੇ ਸਭ ਤੋਂ ਆਮ ਬੈਕਟੀਰੀਆ 'ਤੇ 144 ਵੱਖ-ਵੱਖ ਐਂਟੀਬਾਇਓਟਿਕ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਡੈਨਮਾਰਕ ਦੇ ਕੋਪਨਹੇਗਨ 'ਚ 15 ਤੋਂ 18 ਅਪ੍ਰੈਲ ਤੱਕ ਆਯੋਜਿਤ ਇਸ ਸਾਲ ਦੇ 'ਯੂਰਪੀਅਨ ਕਾਂਗਰਸ ਆਫ਼ ਕਲੀਨਿਕਲ ਮਾਈਕ੍ਰੋਬਾਇਲਾਜੀ ਐਂਡ ਇੰਫੈਕਸ਼ਨ ਡਿਜ਼ੀਜ਼' (ਈ.ਸੀ.ਸੀ.ਐੱਮ.ਆਈ.ਡੀ.) 'ਚ ਪੇਸ਼ ਕੀਤੇ ਗਏ ਖੋਜ 'ਚ ਅੰਤੜੀਆਂ ਦੇ ਬੈਕਟੀਰੀਆ 'ਤੇ ਐਂਟੀਬਾਇਓਟਿਕ ਇਲਾਜ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ 'ਤੇ ਨਵੇਂ ਸਿਰੇ ਤੋਂ ਰੌਸ਼ਨੀ ਪਾਈ ਗਈ ਹੈ। ਜਰਮਨੀ ਦੇ ਬਰਲਿਨ 'ਚ ਮੈਕਸ-ਡੇਲਬਰੁਕ-ਸੈਂਟਰ ਫਾਰ ਮਾਲਿਕਿਊਲਰ ਰਿਸਰਚ ਦੇ ਉਲਰਿਕ ਲੋਬਲ ਨੇ ਕਿਹਾ,''ਵਿਗਿਆਨੀਆਂ ਨੇ ਐਂਟੀਬਾਇਓਟਿਕ ਨਾਲ ਇਕ ਸੁਰੱਖਿਆਤਮਕ ਐਂਟੀਡੋਟ ਮਿਲਾਉਣ ਦਾ ਨਵਾਂ ਤਰੀਕਾ ਲੱਭਿਆ ਹੈ ਤਾਂ ਕਿ ਦਵਾਈ ਦੇ ਪ੍ਰਭਾਵ ਨੂੰ ਘੱਟ ਕੀਤੇ ਬਿਨਾਂ ਅੰਤੜੀਆਂ ਦੇ ਬੈਕਟੀਰੀਆ ਨੂੰ ਸਿਹਤਮੰਦ ਬਣਾਏ ਰੱਖਣ ਅਤੇ ਐਂਟੀਬਾਇਓਟਿਕ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ 'ਚ ਮਦਦ ਮਿਲ ਸਕੇ।''