ਇਸ ਸੂਬੇ ''ਚ 5ਵੀਂ ਜਮਾਤ ਤੱਕ ਦੇ ਸਕੂਲ ਬੰਦ, ਆਨਲਾਈਨ ਚੱਲੇਗੀ ਪੜ੍ਹਾਈ
Sunday, Nov 17, 2024 - 01:37 PM (IST)
ਚੰਡੀਗੜ੍ਹ- ਪੂਰਾ ਉੱਤਰ ਭਾਰਤ ਇਸ ਸਮੇਂ ਹਵਾ ਪ੍ਰਦੂਸ਼ਣ ਅਤੇ ਧੁੰਦ ਦੀ ਲਪੇਟ ਵਿਚ ਹੈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਔਖ ਹੋ ਰਹੀ ਹੈ। ਹਰਿਆਣਾ 'ਚ ਵੱਧਦੇ ਪ੍ਰਦੂਸ਼ਣ ਦਰਮਿਆਨ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਸਬੰਧਤ ਡਿਪਟੀ ਕਮਿਸ਼ਨਰ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਗੰਭੀਰ ਹਵਾ ਗੁਣਵੱਤਾ (AQI) ਪੱਧਰਾਂ ਨੂੰ ਵੇਖਦੇ ਹੋਏ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨਗੇ ਅਤੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਹਿੱਤ ਵਿਚ ਸਕੂਲਾਂ (ਸਰਕਾਰੀ ਅਤੇ ਪ੍ਰਾਈਵੇਟ) ਵਿਚ ਜਮਾਤ 5ਵੀਂ ਤੱਕ ਲਈ ਆਨਲਾਈਨ ਜਮਾਤਾਂ ਆਯੋਜਿਤ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ।
ਫਿਲਹਾਲ ਹੁਕਮਾਂ ਅਨੁਸਾਰ ਗੁੜਗਾਓਂ, ਸੋਨੀਪਤ, ਝੱਜਰ, ਰੋਹਤਕ ਦੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਭਿਵਾਨੀ ਤੋਂ ਇਲਾਵਾ ਬਹਾਦਰਗੜ੍ਹ, ਸੋਨੀਪਤ, ਜੀਂਦ, ਰੋਹਤਕ, ਕੈਥਲ, ਕਰਨਾਲ, ਗੁਰੂਗ੍ਰਾਮ ਦੀ ਹਵਾ ਸਭ ਤੋਂ ਖ਼ਰਾਬ ਸ਼੍ਰੇਣੀ ਵਿੱਚ ਹੈ, ਜਦੋਂ ਕਿ 10 ਸ਼ਹਿਰਾਂ ਦਾ AQI 200 ਤੋਂ 300 ਤੱਕ ਪਹੁੰਚ ਗਿਆ ਹੈ।