ਵੱਡੀ ਖ਼ਬਰ ; 30 ਅਕਤੂਬਰ ਤੱਕ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਸਕੂਲ ਤੇ ਆਂਗਨਵਾੜੀ ਕੇਂਦਰ

Tuesday, Oct 28, 2025 - 01:24 PM (IST)

ਵੱਡੀ ਖ਼ਬਰ ; 30 ਅਕਤੂਬਰ ਤੱਕ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਸਕੂਲ ਤੇ ਆਂਗਨਵਾੜੀ ਕੇਂਦਰ

ਨੈਸ਼ਨਲ ਡੈਸਕ- ਚੱਕਰਵਾਤੀ ਤੂਫ਼ਾਨ ‘ਮੋਂਥਾ’ ਬੰਗਾਲ ਦੀ ਖਾੜੀ ਵਿੱਚ ਹੋਰ ਤੇਜ਼ ਹੋ ਗਿਆ ਹੈ ਤੇ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਗਿਆ ਹੈ। ਇਹ ਤੂਫ਼ਾਨ ਹੁਣ ਤੇਜ਼ੀ ਨਾਲ ਆਂਧਰਾ ਪ੍ਰਦੇਸ਼ ਦੇ ਤੱਟ ਵੱਲ ਵਧ ਰਿਹਾ ਹੈ। ਮੌਸਮ ਵਿਭਾਗ (IMD) ਅਨੁਸਾਰ ਇਹ ਤੂਫ਼ਾਨ ਮੰਗਲਵਾਰ ਸ਼ਾਮ ਜਾਂ ਰਾਤ ਤੱਕ ਮਛਲੀਪਟਨਮ ਅਤੇ ਕਲਿੰਗਪਟਨਮ ਦੇ ਵਿਚਕਾਰ ਕਾਕੀਨਾਡਾ ਦੇ ਆਸ-ਪਾਸ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰ ਸਕਦਾ ਹੈ। ਇਸ ਸਮੇਂ ਹਵਾ ਦੀ ਗਤੀ 90-100 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ, ਜੋ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਸਕਦੀ ਹੈ, ਜਿਸ ਕਾਰਨ ਫਲਾਈਟਾਂ ਤੇ ਟਰੇਨਾਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਤੂਫ਼ਾਨ ਦੇ ਖਤਰੇ ਦੇ ਮੱਦੇਨਜ਼ਰ ਓਡੀਸ਼ਾ ਪ੍ਰਸ਼ਾਸਨ ਨੇ ਪਹਿਲਾਂ ਹੀ 9 ਜ਼ਿਲ੍ਹਿਆਂ ਵਿੱਚ ਸਕੂਲ ਅਤੇ ਆਂਗਨਵਾੜੀ ਕੇਂਦਰ 30 ਅਕਤੂਬਰ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਵੀ 30 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਤੂਫ਼ਾਨ ਕਾਰਨ ਦੱਖਣੀ ਓਡੀਸ਼ਾ ਦੇ 8 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ।

PunjabKesari

ਇਹ ਵੀ ਪੜ੍ਹੋ- ਨੌਜਵਾਨ ਦਾ ਸ਼ਰਮਨਾਕ ਕਾਰਾ ! ਖ਼ੁਦ ਨੂੰ ਫੌਜੀ ਅਧਿਕਾਰੀ ਦੱਸ ਕੇ ਮਹਿਲਾ ਡਾਕਟਰ ਦੀ ਰੋਲ਼ੀ ਪੱਤ

ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ ਵੀ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਇੱਥੇ ਵਿਜ਼ਿਆਨਗਰਮ, ਵਿਸ਼ਾਖਾਪਟਨਮ, ਕਾਕੀਨਾਡਾ, ਪੱਛਮੀ ਗੋਦਾਵਰੀ, ਏਲੁਰੂ, ਕ੍ਰਿਸ਼ਨਾ, ਗੁੰਟੂਰ ਅਤੇ ਵਾਈ.ਐੱਸ.ਆਰ. ਕਡੱਪਾ ਸਮੇਤ ਕੁੱਲ 12 ਜ਼ਿਲ੍ਹਿਆਂ ਵਿੱਚ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ ਤੇ ਨਾਲ ਹੀ ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ਵਿੱਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਕਾਰਨ ਮੰਗਲਵਾਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਭਿਆਨਕ ਤੂਫ਼ਾਨ ਦੇ ਨੁਕਸਾਨ ਤੋਂ ਬਚਣ ਲਈ ਓਡੀਸ਼ਾ ਸਰਕਾਰ ਨੇ 8 ਜ਼ਿਲ੍ਹਿਆਂ ਵਿੱਚ ਨੀਵੇਂ ਇਲਾਕਿਆਂ ਅਤੇ ਜ਼ਮੀਨ ਖਿਸਕਣ ਵਾਲੇ ਪਹਾੜੀ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐੱਫ.), ਓਡੀਸ਼ਾ ਆਫ਼ਤ ਪ੍ਰਤੀਕਿਰਿਆ ਬਲ (ਓ.ਡੀ.ਆਰ.ਏ.ਐੱਫ.) ਅਤੇ ਫਾਇਰ ਸਰਵਿਸ ਦੇ 140 ਬਚਾਅ ਦਲ (5,000 ਤੋਂ ਵੱਧ ਕਰਮਚਾਰੀ) ਤਾਇਨਾਤ ਕੀਤੇ ਗਏ ਹਨ। 

‘ਮੋਂਥਾ’ ਤੂਫ਼ਾਨ ਦੇ ਮੱਦੇਨਜ਼ਰ ਪੁਰੀ ਵਿੱਚ ਸਮੁੰਦਰੀ ਤੱਟ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਇਸ ਚੱਕਰਵਾਤੀ ਤੂਫ਼ਾਨ ਦੇ ਪ੍ਰਭਾਵ ਹੇਠ ਝਾਰਖੰਡ ਅਤੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।


author

Harpreet SIngh

Content Editor

Related News