''ਸ਼ੇਰੂ, ਡੱਬੂ, ਭੂਰਾ'' ਨਾਂ ਦੇ ਬੱਚਿਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ
Wednesday, Apr 15, 2026 - 11:44 AM (IST)
ਜੈਪੁਰ- ਰਾਜਸਥਾਨ 'ਚ ਸਕੂਲ ਰਜਿਸਟਰ 'ਚ ਦਰਜ 'ਸ਼ੇਰੂ', 'ਸ਼ੈਤਾਨ' ਵਰਗੇ ਵਿਦਿਆਰਥੀਆਂ ਦੇ ਅਜੀਬੋ-ਗਰੀਬ ਜਾਂ ਅਪਮਾਨਜਨਕ ਨਾਂ ਹਟਾਏ ਜਾ ਸਕਦੇ ਹਨ, ਜਿਸ ਲਈ ਸੂਬਾ ਸਰਕਾਰ ਨੇ 'ਸਾਰਥਕ ਨਾਂ ਮੁਹਿੰਮ' ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਮਕਸਦ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨਾ ਹੈ ਕਿ ਅਜਿਹੇ ਨਾਵਾਂ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਮਜ਼ਾਕ ਅਤੇ ਆਤਮਸਨਮਾਨ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਕਿਹਾ,''ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਅਜਿਹੇ ਨਾਂ ਕਦੇ-ਕਦੇ ਸ਼ਰਮਿੰਦਗੀ ਦਾ ਕਾਰਨ ਬਣਦੇ ਹਨ ਅਤੇ ਉਨ੍ਹਾਂ ਦੇ ਆਤਮਸਨਮਾਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਨਾਂ ਬੱਚੇ ਦੀ ਪਛਾਣ ਅਤੇ ਸ਼ਖਸੀਅਤ ਨੂੰ ਆਕਾਰ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।'' ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਧਿਆਨ 'ਚ ਰੱਖੇ ਬਿਨਾਂ ਕਈ ਵਾਰ ਅਜਿਹੇ ਨਾਂ ਰੱਖ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ,''ਕਈ ਮਾਮਲਿਆਂ 'ਚ ਨਾਂ ਅਣਜਾਣੇ 'ਚ ਜਾਂ ਸਮਾਜਿਕ ਕਾਰਨਾਂ ਕਰ ਕੇ ਰੱਖੇ ਜਾਂਦੇ ਹਨ ਪਰ ਬਾਅਦ 'ਚ ਬੱਚੇ ਘਟੀਆ ਮਹਿਸੂਸ ਕਰਨ ਲੱਗਦੇ ਹਨ।'' ਮੁਹਿੰਮ ਦੇ ਅਧੀਨ ਸਿੱਖਿਆ ਵਿਭਾਗ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਅਜਿਹੇ ਲਗਭਗ 2000 ਤੋਂ 3000 ਨਾਵਾਂ ਦੀ ਪਛਾਣ ਕੀਤੀ ਹੈ ਅਤੇ ਕਰੀਬ 3,000 ਸਾਰਥਕ ਵਿਕਲਪਾਂ ਦੀ ਸੂਚੀ ਤਿਆਰ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ 'ਚ ਕੁੜੀਆਂ ਲਈ 1,541 ਅਤੇ ਮੁੰਡਿਆਂ ਲਈ 1,409 ਨਾਂ ਸ਼ਾਮਲ ਹਨ, ਨਾਲ ਹੀ ਉਨ੍ਹਾਂ ਦੇ ਅਰਥ ਵੀ ਦਿੱਤੇ ਗਏ ਹਨ, ਜਿਨ੍ਹਾਂ ਨੂੰ ਮਾਤਾ-ਪਿਤਾ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਅਕਤੀ ਦਾ ਨਾਂ ਉਸ ਦੀ ਸਮਾਜਿਕ ਪਛਾਣ ਨੂੰ ਦਰਸਾਉਂਦਾ ਹੈ ਅਤੇ ਨਕਾਰਾਤਮਕ ਜਾਂ ਅਪਮਾਨਜਨਕ ਨਾਂ ਬੱਚੇ ਦੇ ਮਾਨਸਿਕ ਵਿਕਾਸ ਅਤੇ ਆਤਮਵਿਸਵਾਸ 'ਤੇ ਪ੍ਰਤੀਕੂਲ ਪ੍ਰਭਾਵ ਪਾ ਸਕਦੇ ਹਨ।
ਸਕੂਲਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰੋ ਅਤੇ ਮਾਪਿਆਂ-ਅਧਿਆਪਕਾਂ ਦੀ ਮੀਟਿੰਗ (ਪੀਟੀਐੱਮ) ਅਤੇ ਸਕੂਲ ਪ੍ਰਬੰਧਨ ਕਮੇਟੀਆਂ ਦੇ ਮਾਧਿਅਮ ਨਾਲ ਗੱਲਬਾਤ ਕਰ ਕੇ ਸਕਾਰਾਤਮਕ ਨਾਂ ਅਪਣਾਉਣ ਲਈ ਪ੍ਰੇਰਿਤ ਕਰਨ। ਮੰਤਰੀ ਨੇ ਇਹ ਵੀ ਕਿਹਾ ਕਿ ਜਾਤੀ-ਆਧਾਰਤ ਜਾਂ ਅਪਮਾਨਜਨਕ ਸ਼ਬਦਾਂ ਨੂੰ ਅਧਿਕਾਰਤ ਰਿਕਾਰਡ ਤੋਂ ਹਟਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ,''ਅਜਿਹੇ ਸ਼ਬਦ ਦਰਜ ਨਹੀਂ ਹੋਣੇ ਚਾਹੀਦੇ, ਜਿਨ੍ਹਾਂ ਨੂੰ ਇਤਿਹਾਸਕ ਰੂਪ ਨਾਲ ਅਪਮਾਨਜਨਕ ਰੂਪ ਨਾਲ ਇਸਤੇਮਾਲ ਕੀਤਾ ਗਿਆ ਹੈ।'' ਅਧਿਕਾਰੀਆਂ ਨੇ ਦੱਸਿਆ ਕਿ ਨਵਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਪ੍ਰਵੇਸ਼ ਦੇ ਸਮੇਂ ਸੁਝਾਈ ਗਈ ਸੂਚੀ ਦੇ ਨਾਂ ਚੁਣਨ ਦਾ ਵਿਕਲਪ ਦਿੱਤਾ ਜਾਵੇਗਾ, ਜਦੋਂ ਕਿ ਮੌਜੂਦਾ ਵਿਦਿਆਰਥੀ ਤੈਅ ਪ੍ਰਕਿਰਿਆ ਦੇ ਅਧੀਨ ਨਾਂ ਪਰਿਵਰਤਨ ਲਈ ਅਪਲਾਈ ਕਰ ਸਕਦੇ ਹਨ। ਸੀਨੀਅਰ ਅਧਇਕਾਰੀ ਮੁਹਿੰਮ ਨੂੰ ਲਾਗੂ ਕਰਨਗੇ ਅਤੇ ਸਮੇਂ-ਸਮੇਂ 'ਤੇ ਇਸ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
