ਕੌਣ ਹੈ ਪੱਤਰਕਾਰ ਅਤੇ ਕੌਣ ਨਹੀਂ? ਸੁਪਰੀਮ ਕੋਰਟ ਕਰੇਗੀ ਫ਼ੈਸਲਾ

Thursday, Nov 26, 2026 - 09:06 PM (IST)

ਕੌਣ ਹੈ ਪੱਤਰਕਾਰ ਅਤੇ ਕੌਣ ਨਹੀਂ? ਸੁਪਰੀਮ ਕੋਰਟ ਕਰੇਗੀ ਫ਼ੈਸਲਾ

ਨਵੀਂ ਦਿੱਲੀ, (ਏਜੰਸੀ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਗੱਲ ’ਤੇ ਵਿਚਾਰ ਕਰੇਗੀ ਕਿ ਪੱਤਰਕਾਰ ਕਹਾਉਣ ਦੇ ਯੋਗ ਕੌਣ ਹੈ ਅਤੇ ਕੀ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਦੇ ਸਮੇਂ ਮਾਨਤਾ ਪ੍ਰਾਪਤ ਮੀਡੀਆਕਰਮੀਆਂ ਨੂੰ ਸਵੈ-ਘੋਸ਼ਿਤ ਰਿਪੋਰਟਰਾਂ ਦੇ ਮੁਕਾਬਲੇ ਵੱਧ ਸੁਰੱਖਿਆ ਮਿਲਣੀ ਚਾਹੀਦੀ ਹੈ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਟਿੱਪਣੀ ਕੀਤੀ ਕਿ ਪੱਤਰਕਾਰੀ ਦੀ ਆਜ਼ਾਦੀ ਅਤੇ ਜਨਤਕ ਕਾਨੂੰਨ ਤੇ ਵਿਵਸਥਾ ਦੇ ਪ੍ਰਸ਼ਾਸਨ ਵਿਚਕਾਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਅਦਾਲਤ ਨੇ 10 ਅਤੇ 11 ਅਕਤੂਬਰ 2026 ਨੂੰ ਦਿੱਲੀ ਵਿਚ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੇ 7 ਪੱਤਰਕਾਰਾਂ ਨੂੰ ਕਥਿਤ ਤੌਰ ’ਤੇ ਹਿਰਾਸਤ ਵਿਚ ਲੈਣ, ਉਨ੍ਹਾਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਦੇ ਕੰਮ ਵਿਚ ਅੜਿੱਕਾ ਡਾਹੁਣ ਨਾਲ ਸਬੰਧਤ ਪਟੀਸ਼ਨਾਂ ਦੀ ਜਾਂਚ ਦਾ ਕੰਮ ਸੁਪਰੀਮ ਕੋਰਟ ਦੇ ਸਾਬਕਾ ਜੱਜ ਆਰ. ਸੁਭਾਸ਼ ਰੈੱਡੀ ਦੀ ਅਗਵਾਈ ਵਾਲੀ ਇਕ ਉੱਚ-ਪੱਧਰੀ ਕਮੇਟੀ ਨੂੰ ਸੌਂਪ ਦਿੱਤਾ ਹੈ। ਇਸ ਵਿਚ ਪਟੀਸ਼ਨਰਾਂ ਨੂੰ ਕਿਹਾ ਗਿਆ ਕਿ ਉਹ 5-ਮੈਂਬਰੀ ਕਮੇਟੀ ਸਾਹਮਣੇ ਸਮੱਗਰੀ ਪੇਸ਼ ਕਰਨ।
ਜਸਟਿਸ ਬਾਗਚੀ ਨੇ ਟਿੱਪਣੀ ਕੀਤੀ ਕਿ ਤੁਸੀਂ ਉਸ ਕਮੇਟੀ ਕੋਲ ਵਾਪਸ ਜਾਓਗੇ ਜੋ ਅਸੀਂ ਬਣਾਈ ਹੈ, ਤਾਂ ਜੋ ਇਹ ਤੱਥ ਦੇ ਆਧਾਰ ’ਤੇ ਸਾਬਤ ਕੀਤਾ ਜਾ ਸਕੇ ਕਿ ਕੀ ਤੁਹਾਡੇ ਪਟੀਸ਼ਨਰ ਅਸਲ ਵਿਚ ਉੱਥੇ ਮੌਜੂਦ ਸਨ ਅਤੇ ਜੇ ਉਹ ਉੱਥੇ ਮੌਜੂਦ ਸਨ ਤਾਂ ਕੀ ਉਨ੍ਹਾਂ ’ਤੇ ਬੇਲੋੜੀ ਤਾਕਤ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੀ ਉਨ੍ਹਾਂ ’ਤੇ ਤਾਕਤ ਦੀ ਵਰਤੋਂ ਕੀਤੀ ਗਈ ਸੀ ਅਤੇ ਜੇ ਕੀਤੀ ਗਈ ਸੀ, ਤਾਂ ਕੀ ਇਹ ਤਾਕਤ ਜਨਤਕ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਅਨੁਪਾਤ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ?


author

Shubam Kumar

Content Editor

Related News