SC ਨੇ ਕਿਹਾ- ਗਵਾਹ ਦਾ ਬਿਆਨ ਜਾਂ ਤਾਂ ਉਸੇ ਦਿਨ ਜਾਂ ਅਗਲੇ ਦਿਨ ਦਰਜ ਹੋਵੇ
Sunday, Oct 09, 2022 - 10:08 AM (IST)
 
            
            ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਗਵਾਹ ਦੇ ਬਿਆਨ ਜਾਂ ਜਿਰ੍ਹਾ ਉਸੇ ਦਿਨ ਜਾਂ ਅਗਲੇ ਦਿਨ ਦਰਜ ਕੀਤੀ ਜਾਣੀ ਚਾਹੀਦੀ ਹੈ। ਇਸ ਨੂੰ ਮੁਲਤਵੀ ਕਰਨ ਦਾ ਕੋਈ ਆਧਾਰ ਨਹੀਂ ਹੋਣਾ ਚਾਹੀਦਾ। ਦਰਅਸਲ ਸੁਪਰੀਮ ਕੋਰਟ ਇਲਾਹਾਬਾਦ ਹਾਈ ਕੋਰਟ ਵੱਲੋਂ ਕਤਲ ਕੇਸ ਵਿਚ ਦੋ ਵਿਅਕਤੀਆਂ ਨੂੰ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰਨ ਦੀਆਂ ਦੋ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਇਸਤਗਾਸਾ ਪੱਖ ਦੇ ਗਵਾਹ ਦੇ ਬਿਆਨ ਦਰਜ ਕਰਨ ਵਿਚ ਲਗਭਗ ਤਿੰਨ ਮਹੀਨੇ ਲੱਗ ਗਏ। ਜਸਟਿਸ ਅਜੇ ਰਸਤੋਗੀ ਅਤੇ ਜਸਟਿਸ ਸੀ. ਟੀ. ਰਵੀ ਕੁਮਾਰ ਨੇ ਕਿਹਾ ਕਿ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਮੁੱਖ ਗਵਾਹੀ ਅਤੇ ਜਿਰ੍ਹਾ ਉਸੇ ਦਿਨ ਜਾਂ ਅਗਲੇ ਦਿਨ ਦਰਜ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ 30 ਸਤੰਬਰ ਨੂੰ ਦਿੱਤੇ ਆਪਣੇ ਹੁਕਮ ਵਿਚ ਕਿਹਾ ਕਿ ਦੂਜੇ ਸ਼ਬਦਾਂ ਵਿੱਚ ਇਸਤਗਾਸਾ ਪੱਖ ਦੇ ਗਵਾਹ ਦੀ ਮੁੱਖ ਗਵਾਹੀ/ਜਾਂਚ ਨੂੰ ਮੁਲਤਵੀ ਕਰਨ ਦਾ ਕੋਈ ਆਧਾਰ ਨਹੀਂ ਹੋਣਾ ਚਾਹੀਦਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            