ਵੱਡੀ ਉਮਰ, ਬੀਮਾਰ ਕੈਦੀਆਂ ਦੀ ਰਿਹਾਈ ਦਾ ਨਿਰਦੇਸ਼ ਦੇਣ ਤੋਂ SC ਦਾ ਇਨਕਾਰ
Tuesday, Apr 07, 2020 - 05:50 PM (IST)

ਨਵੀਂ ਦਿੱਲੀ (ਵਾਰਤਾ)— ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ 'ਕੋਵਿਡ-ਓ19' ਦੇ ਵਧਦੇ ਕਹਿਰ ਨੂੰ ਦੇਖਦਿਆਂ 50 ਸਾਲ ਦੀ ਉਮਰ ਤੋਂ ਵਧੇਰੇ ਅਤੇ ਬੀਮਾਰ ਕੈਦੀਆਂ ਦੀ ਜੇਲਾਂ ਤੋਂ ਰਿਹਾਈ ਦੇ ਨਿਰਦੇਸ਼ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ। ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਸੰਜੈ ਕਿਸ਼ਨ ਕੌਲ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਪਟੀਸ਼ਨਕਰਤਾ ਅਮਿਤ ਸਾਹਨੀ ਅਤੇ ਹੋਰਨਾਂ ਦੀਆਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਕਿਹਾ ਕਿ ਕੈਦੀਆਂ ਦੀ ਰਿਹਾਈ ਦਾ ਹੁਕਮ ਅਜਿਹੇ ਸਾਰੇ ਕੈਦੀਆਂ ਲਈ ਨਹੀਂ ਦਿੱਤਾ ਜਾ ਸਕਦਾ।
ਇਹ ਵੱਖ-ਵੱਖ ਮਾਮਲਿਆਂ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ। ਕੋਰਟ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਸਰਕਾਰ ਇਸ ਬਾਰੇ ਕੀ ਸੋਚਦੀ ਹੈ ਪਰ ਸਾਨੂੰ ਲੱਗਦਾ ਹੈ ਕਿ ਇਹ ਮੁਕੱਦਮਿਆਂ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ। ਅਸੀਂ ਸਾਰੇ ਮਾਮਲਿਆਂ ਲਈ ਇਕ ਹੀ ਹੁਕਮ ਪਾਸ ਨਹੀਂ ਕਰਾਂਗੇ। ਜੱਜਾਂ ਦੀ ਬੈਂਚ ਨੇ ਕਿਹਾ ਕਿ ਅਸੀਂ ਆਮ ਹੁਕਮ ਪਾਸ ਕਰਨਾ ਉੱਚਿਤ ਨਹੀਂ ਸਮਝਦੇ। ਪਟੀਸ਼ਨਕਰਤਾ ਅਮਿਤ ਸਾਹਨੀ ਨੇ ਕੋਰਟ ਦੀ ਆਗਿਆ ਨਾਲ ਪਟੀਸ਼ਨ ਵਾਪਸ ਲੈ ਲਈ। ਬੈਂਚ ਨੇ ਵਿਸ਼ਵੇਂਦਰ ਤੋਮਰ ਦੀ ਇਕ ਹੋਰ ਜਨਹਿੱਤ ਪਟੀਸ਼ਨ ਨੂੰ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ।