ਵੋਟਰ ਸੂਚੀ ’ਚ ਸੁਧਾਰ ਦੀ ਮੰਗ ਕਰਨਾ ਵੋਟਰ ਦਾ ਨਿੱਜੀ ਅਧਿਕਾਰ : ਸੁਪਰੀਮ ਕੋਰਟ

Tuesday, Nov 24, 2026 - 05:33 PM (IST)

ਵੋਟਰ ਸੂਚੀ ’ਚ ਸੁਧਾਰ ਦੀ ਮੰਗ ਕਰਨਾ ਵੋਟਰ ਦਾ ਨਿੱਜੀ ਅਧਿਕਾਰ : ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਵਿਚ ਮਕਾਨ ਨੰਬਰਾਂ ਦੀਆਂ ਖ਼ਾਮੀਆਂ ਤੇ ਗਲਤੀਆਂ ਨੂੰ ਲੈ ਕੇ ਨਗਰ ਨਿਗਮ ਚੋਣਾਂ ਦੀਆਂ ਵੋਟਰ ਸੂਚੀਆਂ ਵਿਚ ਸੁਧਾਰ ਦੀ ਮੰਗ ਕਰਨ ਵਾਲੀ ਇਕ ਜਨਹਿਤ ਪਟੀਸ਼ਨ ਸੋਮਵਾਰ ਨੂੰ ਖਾਰਜ ਕਰ ਦਿੱਤੀ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਉਹ ਇਸ ਪਟੀਸ਼ਨ ’ਤੇ ਵਿਚਾਰ ਕਰਨ ਦਾ ਇੱਛੁਕ ਨਹੀਂ ਹੈ।

ਜਸਟਿਸ ਬਾਗਚੀ ਨੇ ਜ਼ੁਬਾਨੀ ਟਿੱਪਣੀ ਕਰਦਿਆਂ ਕਿਹਾ ਕਿ ਵੋਟਰ ਸੂਚੀ ਦੇ ਵੇਰਵੇ ਵਿਚ ਸੁਧਾਰ ਦੀ ਮੰਗ ਕਰਨ ਦਾ ਅਧਿਕਾਰ ਹਰੇਕ ਵੋਟਰ ਦਾ ਨਿੱਜੀ ਅਧਿਕਾਰ ਹੈ ਅਤੇ ਇਸ ਨੂੰ ਆਮ ਤੌਰ ’ਤੇ ਜਨਹਿਤ ਪਟੀਸ਼ਨ ਰਾਹੀਂ ਸਮੂਹਿਕ ਤੌਰ ’ਤੇ ਨਹੀਂ ਉਠਾਇਆ ਜਾ ਸਕਦਾ। ਨਗਰ ਨਿਗਮ ਦੀਆਂ ਵੋਟਰ ਸੂਚੀਆਂ ਆਪਣੇ ਵੱਖਰੇ ਨਿਯਮਾਂ ਤਹਿਤ ਚੱਲਦੀਆਂ ਹਨ ਅਤੇ ਨਿੱਜੀ ਵੋਟਰ ਸੁਧਾਰ ਲਈ ਸਬੰਧਤ ਚੋਣ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਮਕਾਨ ਨੰਬਰ ਬਦਲ ਗਏ ਹਨ, ਇਸ ਸਬੰਧੀ ਦਿੱਤੀਆਂ ਗਈਆਂ ਦਰਖਾਸਤਾਂ ’ਤੇ ਕੋਈ ਕਾਰਵਾਈ ਨਹੀਂ ਹੋਈ ਹੈ ਅਤੇ ਨਗਰ ਨਿਗਮ ਦੀਆਂ ਵੋਟਰ ਸੂਚੀਆਂ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਵਰਤੀਆਂ ਜਾਣ ਵਾਲੀਆਂ ਵੋਟਰ ਸੂਚੀਆਂ ਦੇ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ।


author

Harpreet SIngh

Content Editor

Related News