3 ਤਲਾਕ ''ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅੱਧੀ ਆਬਾਦੀ ਨੂੰ ਨਿਆਂ ਦਿਵਾਉਣ ਦੇ ਕਦਮ ਦੇ ਰੂਪ ''ਚ ਦੇਖਿਆ ਜਾਵੇ

08/22/2017 5:00:24 PM

ਇੰਦੌਰ— ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਇਕੱਠੇ ਲਗਾਤਾਰ ਤਿੰਨ ਵਾਰ ਤਲਾਕ ਬੋਲਣ ਦੀ ਪ੍ਰਥਾ ਨੂੰ ਗੈਰ-ਸੰਵਿਧਾਨਕ ਠਹਿਰਾਉਣ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮਹੱਤਵਪੂਰਨ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸਾਰੇ ਧਰਮਾਂ ਦੇ ਵਿਦਵਾਨਾਂ ਨੂੰ ਇਸ ਨੂੰ ਔਰਤਾਂ ਨੂੰ ਨਿਆਂ ਦਿਵਾਉਣ ਦੇ ਕਦਮ ਦੇ ਰੂਪ 'ਚ ਦੇਖਣਾ ਚਾਹੀਦਾ। ਸੁਮਿਤਰਾ ਨੇ ਇਕ ਬੈਠਕ ਦੌਰਾਨ ਕਿਹਾ,''ਕੋਰਟ ਨੇ ਤਿੰਨ ਤਲਾਕ 'ਤੇ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਮੈਂ ਸਾਰੇ ਧਰਮਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਨਜ਼ਰੀਏ ਨਾਲ ਵਿਚਾਰ ਕਰਨ ਕਿ ਇਹ ਫੈਸਲਾ ਔਰਤਾਂ ਨੂੰ ਨਿਆਂ ਦਿਵਾਉਣ ਲਈ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਕ ਔਰਤ ਹੋਣ ਦੇ ਨਾਤੇ ਵੀ ਮੈਨੂੰ ਤਿੰਨ ਤਲਾਕ 'ਤੇ ਸਰਵਉੱਚ ਅਦਾਲਤ ਦਾ ਫੈਸਲਾ ਬਹੁਤ ਚੰਗਾ ਲੱਗਾ। ਕੋਈ ਵਿਅਕਤੀ ਜਦੋਂ ਆਪਣੀ ਪਤਨੀ ਨੂੰ ਇਕਦਮ ਨਾਲ ਤਲਾਕ ਦੇ ਕੇ ਘਰੋਂ ਬਾਹਰ ਕਰ ਦਿੰਦਾ ਹੈ ਤਾਂ ਉਸ ਔਰਤ ਲਈ ਇਸ ਅਪ੍ਰਿਯ ਸਥਿਤੀ ਦਾ ਸਾਹਮਣਾ ਕਰਨਾ ਬੇਹੱਦ ਕਠਿਨ ਹੁੰਦਾ ਹੈ। ਕਿਸੇ ਔਰਤ ਨੂੰ ਇਸ ਤਰ੍ਹਾਂ ਬਾਹਰ ਕੱਢਿਆ ਜਾਣਾ, ਕਿਤੇ ਨਾ ਕਿਤੇ ਇਕ ਅੱਤਿਆਚਾਰ ਹੀ ਹੈ। 
ਲੋਕ ਸਭਾ ਸਪੀਕਰ ਨੇ ਕਿਹਾ,''ਦੇਸ਼ 'ਚ ਔਰਤਾਂ ਨੂੰ ਨਿਆਂ ਦਿਵਾਉਣ ਲਈ ਇਕੋ ਜਿਹਾ ਕਾਨੂੰਨ ਹੋਣਾ ਚਾਹੀਦਾ। ਮੈਂ ਇਸ ਸਿਲਸਿਲੇ 'ਚ ਸਿਰਫ ਔਰਤਾਂ ਦੀ ਗੱਲ ਕਰ ਰਹੀ ਹਾਂ। ਇਹ ਦੇਖਣਾ ਕਾਨੂੰਨ ਦਾ ਹੀ ਕੰਮ ਹੈ ਕਿ ਔਰਤਾਂ ਨਾਲ ਕੋਈ ਅਨਿਆਂ ਨਾ ਹੋਵੇ। ਤਿੰਨ ਤਲਾਕ ਦੇ ਖਿਲਾਫ ਕਾਨੂੰਨ ਬਣਾਉਣ 'ਚ ਵਿਧਾਇਕਾ ਦੀ ਆਉਣ ਵਾਲੀ ਭੂਮਿਕਾ ਬਾਰੇ ਪੁੱਛੇ ਜਾਣ 'ਤੇ ਸੁਮਿਤਰਾ ਨੇ ਕਿਹਾ, ਇਸ ਸਿਲਸਿਲੇ 'ਚ ਵਿਧਾਇਕਾ ਆਪਣਾ ਕੰਮ ਕਰੇਗੀ। ਬੌਤਰ ਲੋਕ ਸਭਾ ਸਪੀਕਰ ਮੇਰੀ ਭੂਮਿਕਾ ਇੰਨੀ ਹੈ ਕਿ ਕਿਸੇ ਵਿਸ਼ੇ ਜਾਂ ਬਿੱਲ 'ਤੇ ਸਾਰੇ ਦਲਾਂ ਦੇ ਸਹਿਯੋਗ ਨਾਲ ਸਦਨ 'ਚ ਸ਼ਾਂਤੀਪੂਰਨ ਤਰੀਕੇ ਨਾਲ ਚਰਚਾ ਹੋਵੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ 5 ਜੱਜਾਂ ਦੀ ਬੈਂਚ ਨੇ ਮੰਗਲਵਾਰ ਨੂੰ ਬਹੁਮਤ ਨਾਲ ਫੈਸਲਾ ਸੁਣਾਉਂਦੇ ਹੋਏ ਮੁਸਲਮਾਨਾਂ 'ਚ ਇਕੱਠੇ ਲਗਾਤਾਰ ਤਿੰਨ ਤਲਾਕ ਬੋਲ ਕੇ ਪਤਨੀ ਨੂੰ ਛੱਡਣ ਦੀ ਪ੍ਰਥਾ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਨਾਲ ਹੀ ਅਦਾਲਤ ਨੇ ਕੇਂਦਰ ਨੂੰ ਇਸ ਸੰਬੰਧ 'ਚ ਕਾਨੂੰਨ ਬਣਾਉਣ ਲਈ ਕਿਹਾ ਹੈ।


Related News