RG ਕਰ ਹਸਪਤਾਲ ਦੇ ਡਾਕਟਰਾਂ ''ਤੇ SC ਦੀ ਸਖ਼ਤ ਟਿੱਪਣੀ
Monday, Sep 09, 2024 - 05:08 PM (IST)

ਨਵੀਂ ਦਿੱਲੀ- ਕੋਲਕਾਤਾ ਜਬਰ-ਜ਼ਿਨਾਹ ਅਤੇ ਕਤਲ ਮਾਮਲੇ ਨੂੰ ਅੱਜ ਇਕ ਮਹੀਨਾ ਪੂਰਾ ਹੋ ਗਿਆ। ਸੁਪਰੀਮ ਕੋਰਟ ਵਿਚ ਅੱਜ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੀ ਤਿੰਨ ਮੈਂਬਰੀ ਬੈਂਚ ਨੇ ਕੀਤੀ। ਓਧਰ ਸੀ. ਬੀ. ਆਈ. ਨੇ ਜਾਂਚ 'ਤੇ ਆਪਣੀ ਸਟੇਟਸ ਰਿਪੋਰਟ ਬੈਂਚ ਨੂੰ ਸੌਂਪੀ। ਜੱਜਾਂ ਨੇ ਸੀਲਬੰਦ ਲਿਫਾਫੇ ਵਿਚ ਸੌਂਪੀ ਗਈ ਰਿਪੋਰਟ ਦੀ ਸਮੀਖਿਆ ਕੀਤੀ। ਕੋਰਟ ਨੇ 17 ਸਤੰਬਰ ਤੱਕ ਨਵੀਂ ਰਿਪੋਰਟ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਕਿਹਾ ਕਿ ਸੀ. ਬੀ. ਆਈ. ਨੇ ਸਟੇਟਸ ਰਿਪੋਰਟ ਜਮ੍ਹਾਂ ਕੀਤੀ ਹੈ, ਜਿਸ ਤੋਂ ਲੱਗਦਾ ਹੈ ਕਿ ਜਾਂਚ ਤਰੱਕੀ 'ਤੇ ਹੈ। ਅਸੀਂ ਸੀ. ਬੀ. ਆਈ. ਨੂੰ ਨਵੀਂ ਸਟੇਟਸ ਰਿਪੋਰਟ ਜਮ੍ਹਾਂ ਕਰਨ ਦਾ ਨਿਰਦੇਸ਼ ਦਿੰਦੇ ਹਾਂ।
ਓਧਰ ਪੱਛਮੀ ਬੰਗਾਲ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਸਪਤਾਲ ਦੀ ਘਟਨਾ ਖਿਲਾਫ਼ ਡਾਕਟਰਾਂ ਦੀ ਹੜਤਾਲ ਕਾਰਨ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੱਛਮੀ ਬੰਗਾਲ ਸਰਕਾਰ ਵਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੂਬੇ ਦੇ ਸਿਹਤ ਵਿਭਾਗ ਵਲੋਂ ਤਿਆਰ ਸਟੇਟਸ ਰਿਪੋਰਟ ਬੈਂਚ ਦੇ ਸਾਹਮਣੇ ਜਮ੍ਹਾਂ ਕਰਵਾਈ। ਇਸ ਵਿਚ ਦੱਸਿਆ ਗਿਆ ਕਿ ਡਾਕਟਰ ਹੜਤਾਲ 'ਤੇ ਹਨ, ਇਸ ਲਈ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ 'ਤੇ ਚੀਫ਼ ਜਸਟਿਸ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਡਾਕਟਰਾਂ ਨੂੰ ਕੰਮ 'ਤੇ ਪਰਤਣਾ ਹੋਵੇਗਾ ਅਤੇ ਅਸੀਂ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਯਕੀਨੀ ਕਰਾਂਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਪੁਲਸ ਇਹ ਯਕੀਨੀ ਕਰੇਗੀ ਕਿ ਸਾਰੇ ਡਾਕਟਰਾਂ ਦੀਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹਾਲਾਤ ਬਣਾਏ ਜਾਣੇ ਚਾਹੀਦੇ ਹਨ। ਜਿਸ ਵਿਚ ਵੱਖ-ਵੱਖ ਡਿਊਟੀ ਰੂਮ, ਪਖ਼ਾਨੇ ਦੀ ਸਹੂਲਤ, ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਵਿਵਸਥਾ ਸ਼ਾਮਲ ਹੈ। ਡਾਕਟਰਾਂ ਦਾ ਸਭ ਤੋਂ ਪਹਿਲਾਂ ਕੰਮ 'ਤੇ ਪਰਤਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੰਮ 'ਤੇ ਆ ਕੇ ਆਪਣਾ ਕੰਮ ਪੂਰਾ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਆਰ. ਜੀ. ਕਰ ਹਸਪਤਾਲ ਵਿਚ 8-9 ਅਗਸਤ ਦੀ ਰਾਤ ਨੂੰ ਇਕ ਮਹਿਲਾ ਡਾਕਟਰ ਨਾਲ ਹੈਵਾਨੀਅਤ ਦੀ ਖ਼ਬਰ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਇਕ ਦੋਸ਼ੀ ਸੰਜੇ ਸਿੰਘ ਰਾਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੇਸ਼ ਭਰ ਦੇ ਡਾਕਟਰਾਂ ਨੇ ਇਸ ਘਟਨਾ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਸੀ। ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਮਮਤਾ ਬੈਨਰਜੀ ਨੇ ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਨਵਾਂ ਬਿੱਲ ਪਾਸ ਕੀਤਾ ਹੈ।