ਜਸਟਿਸ ਲੋਇਆ ਮਾਮਲੇ ''ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼

01/22/2018 5:04:55 PM

ਨਵੀਂ ਦਿੱਲੀ— ਸੀ.ਬੀ.ਆਈ. ਜੱਜ ਬੀ.ਐੱਚ. ਲੋਇਆ ਦੀ ਸ਼ੱਕੀ ਮੌਤ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਕਿਸੇ ਵੀ ਹਾਈ ਕੋਰਟ 'ਚ ਹੁਣ ਜੱਜ ਲੋਇਆ ਨਾਲ ਜੁੜੇ ਮਾਮਲੇ ਦੀ ਸੁਣਵਾਈ ਨਹੀਂ ਹੋਵੇਗੀ। ਕੋਰਟ ਨੇ ਕਿਹਾ ਕਿ ਬਾਂਬੇ ਹਾਈ ਕੋਰਟ 'ਚ ਜੋ 2 ਪਟੀਸ਼ਨਾਂ ਪੈਂਡਿੰਗ ਹਨ, ਉਨ੍ਹਾਂ ਨੂੰ ਵੀ ਸੁਪਰੀਮ ਕੋਰਟ ਟਰਾਂਸਫਰ ਕੀਤਾ ਜਾਵੇ। ਸੁਪਰੀਮ ਕੋਰਟ ਨੇ ਨੋਟਿਸ ਲੈਂਦੇ ਹੋਏ ਕਿਹਾ ਕਿ ਕਈ ਅਖਬਾਰ ਅਤੇ ਮੀਡੀਆ ਗਰੁੱਪ ਨੇ ਜੱਜ ਲੋਇਆ ਦੀ ਮੌਤ 'ਤੇ ਸਵਾਲ ਚੁੱਕੇ ਹਨ, ਅਜਿਹੇ 'ਚ ਹੁਣ ਮਾਮਲੇ ਦੀ ਸੁਣਵਾਈ ਨਿਯਮ ਅਨੁਸਾਰ ਹੋਵੇਗੀ, ਸਾਰੇ ਵਕੀਲਾਂ ਨੂੰ ਕੋਰਟ ਨਾਲ ਕਾਪਰੇਟ ਕਰਨਾ ਚਾਹੀਦਾ।
ਕੀ ਹੈ ਮਾਮਲਾ
ਜਸਟਿਸ ਲੋਇਆ ਬਹੁਚਰਚਿਤ ਸੋਹਰਾਬੁਦੀਨ ਸ਼ੇਖ ਮਾਮਲੇ ਦੀ ਸੁਣਵਾਈ ਕਰ ਰਹੇ ਸਨ। 2005 'ਚ ਸੋਹਰਾਬੁਦੀਨ ਸ਼ੇਖ ਅਤੇ ਉਸ ਦੀ ਪਤਨੀ ਕੌਸਰ ਨੂੰ ਗੁਜਰਾਤ ਪੁਲਸ ਨੇ ਅਗਵਾ ਕੀਤਾ ਅਤੇ ਹੈਦਰਾਬਾਦ ਮੁਕਾਬਲੇ 'ਚ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਸੋਹਰਾਬੁਦੀਨ ਮੁਕਾਬਲੇ ਦੇ ਗਵਾਹ ਤੁਲਸੀਰਾਮ ਦੀ ਵੀ ਮੌਤ ਹੋ ਚੁਕੀ ਹੈ। ਇਸ ਮਾਮਲੇ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਵੀ ਨਾਂ ਜੁੜਿਆ ਸੀ। ਮਾਮਲੇ ਨਾਲ ਜੁੜੇ ਟ੍ਰਾਇਲ ਨੂੰ ਸੁਪਰੀਮ ਕੋਰਟ ਨੇ ਮਹਾਰਾਸ਼ਟਰ 'ਚ ਟਰਾਂਸਫਰ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਪਹਿਲਾਂ ਜੱਜ ਉਤਪਤ ਕਰ ਰਹੇ ਸਨ ਪਰ ਅਮਿਤ ਸ਼ਾਹ ਦੇ ਸੁਣਵਾਈ 'ਚ ਪੇਸ਼ ਨਾ ਹੋਣ 'ਤੇ ਜਦੋਂ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਸਟਿਸ ਲੋਇਆ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਦਸੰਬਰ 2014 'ਚ ਜਸਟਿਸ ਲੋਇਆ ਦੀ ਨਾਗਪੁਰ 'ਚ ਮੌਤ ਹੋ ਗਈ ਸੀ, ਜਿਸ ਨੂੰ ਸ਼ੱਕੀ ਮੰਨਿਆ ਗਿਆ ਸੀ। ਜਸਟਿਸ ਲੋਇਆ ਦੀ ਮੌਤ ਤੋਂ ਬਾਅਦ ਜਿਨ੍ਹਾਂ ਜੱਜਾਂ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ, ਉਨ੍ਹਾਂ ਨੇ ਸ਼ਾਹ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ। ਕੁਝ ਸਮੇਂ ਪਹਿਲਾਂ ਇਕ ਮੈਗਜ਼ੀਨ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਕਿ ਜਸਟਿਸ ਲੋਇਆ ਦੀ ਮੌਤ ਸਾਧਾਰਣ ਨਹੀਂ ਸੀ ਸਗੋਂ ਸ਼ੱਕੀ ਸੀ, ਜਿਸ ਦੇ ਬਾਅਦ ਤੋਂ ਹੀ ਇਹ ਮਾਮਲਾ ਦੁਬਾਰਾ ਚਰਚਾ 'ਚ ਆਇਆ ਹੈ।


Related News