SBI ਦੇ ਸਟਾਫ ''ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ''ਤੇ ਇੱਥੇ ਤਿੰਨ ਬਰਾਂਚਾਂ ਬੰਦ

06/14/2020 9:11:14 PM

ਮੁੰਬਈ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਮੁੰਬਈ ਦੀਆਂ ਦੋ ਅਤੇ ਠਾਣੇ ਦੀ ਇਕ ਬਰਾਂਚ 'ਚ ਕੋਰੋਨਾ ਵਾਇਰਸ ਦੇ ਮਾਮਲੇ ਮਿਲਣ 'ਤੇ ਇਨ੍ਹਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ।

ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਬੈਂਕ ਦੇ 8 ਕਰਮਚਾਰੀ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਬੈਂਕ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਠਾਣੇ ਦੀ ਮੁੱਖ ਬਰਾਂਚ 'ਚ 25 'ਚੋਂ 7 ਕਰਮਚਾਰੀ ਕੋਵਿਡ-19 ਪਾਜ਼ੀਟਿਵ ਪਾਏ ਗਏ ਅਤੇ ਇਸ ਬਰਾਂਚ ਨੂੰ ਪਿਛਲੇ ਹਫਤੇ ਬੰਦ ਕਰ ਦਿੱਤਾ ਗਿਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਉੱਤਰੀ-ਪੱਛਮੀ ਮੁੰਬਈ ਉਪਨਗਰ ਦੇ ਜੋਗੇਸ਼ਵਰੀ 'ਚ ਲੋਕਲ ਚੈੱਕ ਪ੍ਰੋਸੈਸਿੰਗ ਸੈੱਲ (ਐੱਲ. ਸੀ. ਪੀ. ਸੀ.) ਦੇ ਇਕ ਨਕਦੀ ਅਧਿਕਾਰੀ ਨੂੰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ। ਇਸ ਤੋਂ ਬਾਅਦ ਇਸੇ ਹਫਤੇ ਦੀ ਸ਼ੁਰੂਆਤ 'ਚ ਇਸ ਬਰਾਂਚ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਬੈਂਕ ਨੇ ਅੰਧੇਰੀ ਖੇਤਰ 'ਚ ਸਥਿਤ ਆਪਣੇ ਲੋਕਲ ਚੈੱਕ ਪ੍ਰੋਸੈਸਿੰਗ ਸੈੱਲ 'ਚ ਅਸਥਾਈ ਤੌਰ ਤੇ ਕੰਮ ਬੰਦ ਕਰ ਦਿੱਤਾ ਹੈ ਕਿਉਂਕਿ ਇੱਥੇ ਇਕ ਮਾਲੀ ਕੋਰੋਨਾ ਵਾਇਰਸ ਸੰਕ੍ਰਮਿਤ ਪਾਇਆ ਗਿਆ ਹੈ।
ਇਸ ਬਾਰੇ 'ਚ ਸੰਪਰਕ ਕਰਨ 'ਤੇ ਐੱਸ. ਬੀ. ਆਈ. ਨੇ ਕਿਹਾ, ''ਜਨਰਲ ਮੈਨੇਜਰਾਂ ਦੀ ਅਗਵਾਈ ਵਾਲੀ ਸਾਡੀ ਤਤਕਾਲ ਰਿਸਪਾਂਸ ਟੀਮ ਪੂਰੇ ਦੇਸ਼ 'ਚ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ। ਕਿਸੇ ਕਰਮਚਾਰੀ ਦੇ ਸੰਕ੍ਰਮਿਤ ਮਿਲਣ 'ਤੇ ਨਿਰਧਾਰਤ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾ ਰਹੀ ਹੈ। ਸਾਡੇ ਬਹੁਤ ਸਾਰੇ ਸਟਾਫ ਮੈਂਬਰ ਜੋ ਸੰਕ੍ਰਮਿਤ ਹੋਏ ਸਨ, ਠੀਕ ਹੋ ਗਏ ਹਨ ਅਤੇ ਇਸ ਮੁਸ਼ਕਲ ਸਮੇਂ 'ਚ ਬੈਂਕ ਦੇ ਕੰਮਕਾਜ 'ਚ ਯੋਗਦਾਨ ਦੇ ਰਹੇ ਹਨ''

ਤਿੰਨ ਦੀ ਹੋ ਚੁੱਕੀ ਹੈ ਮੌਤ-
ਪਿਛਲੇ ਕੁਝ ਦਿਨਾਂ ਦੌਰਾਨ ਐੱਸ. ਬੀ. ਆਈ. ਦੇ ਤਿੰਨ ਕਰਮਚਾਰੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਚਰਚਗੇਟ ਸ਼ਾਖਾ ਦੇ ਸੰਧੂ ਬੋਰਾਡੇ; ਬੇਲਾਪੁਰ ਸੀ. ਬੀ. ਡੀ. ਬ੍ਰਾਂਚ ਦੇ ਅਨਿਰਬਾਨ ਦੱਤਾ ਅਤੇ ਘਾਟਕੋਪਰ ਬ੍ਰਾਂਚ ਦੇ ਰਮੇਸ਼ ਰਾਣੇ ਸ਼ਾਮਲ ਸਨ। ਬੈਂਕ ਨੇ ਕਰਮਚਾਰੀਆਂ ਦੀ ਮੌਤ 'ਤੇ ਸੋਗ ਜ਼ਾਹਰ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਬੈਂਕ ਦੇ  ਨਿਯਮਾਂ ਅਨੁਸਾਰ ਮੁਆਵਜ਼ਾ (ਕੋਵਿਡ ਮੁਆਵਜ਼ਾ ਰਾਸ਼ੀ ਸਮੇਤ) ਦਿੱਤਾ ਗਿਆ ਹੈ।


Sanjeev

Content Editor

Related News