ਦਿੱਲੀ ਦੇ ਉਪ ਰਾਜਪਾਲ ਨੇ 300 ਤੋਂ ਵੱਧ ਕੰਪਨੀਆਂ ਨੂੰ 24 ਘੰਟੇ ਕੰਮ ਕਰਨ ਦੀ ਦਿੱਤੀ ਮਨਜ਼ੂਰੀ
Sunday, Oct 09, 2022 - 05:10 PM (IST)
ਨਵੀਂ ਦਿੱਲੀ- ਦਿੱਲੀ ਦੀ ‘ਨਾਈਟ ਲਾਈਫ਼’ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਆਨਲਾਈਨ ਖਰੀਦਦਾਰੀ ਅਤੇ ਡਿਲੀਵਰੀ ਦੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ ਅਤੇ ਟਰਾਂਸਪੋਰਟ ਸਹੂਲਤਾਂ ਸਮੇਤ 300 ਤੋਂ ਵੱਧ ਅਦਾਰਿਆਂ ਨੂੰ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਉਪ ਰਾਜਪਾਲ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸਕਸੈਨਾ ਨੇ 314 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚੋਂ ਕੁਝ ਅਰਜ਼ੀਆਂ 2016 ਤੋਂ ਪੈਂਡਿੰਗ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਨੇ ਨਿਰਦੇਸ਼ ਦਿੱਤਾ ਕਿ ਇਸ ਸਬੰਧ ’ਚ ਨੋਟੀਫ਼ਿਕੇਸ਼ਨ 7 ਦਿਨ ਦੇ ਅੰਦਰ ਜਾਰੀ ਕੀਤਾ ਜਾਵੇ। ਇਸ ਮਤੇ ਨੂੰ ਮਨਜ਼ੂਰੀ ਦਿੰਦੇ ਹੋਏ ਸਕਸੈਨਾ ਇਸ ਛੋਟ ਲਈ ਕੰਪਨੀ ਵਲੋਂ ਦਿੱਤੀਆਂ ਅਰਜ਼ੀਆਂ ਦੇ ਨਿਪਟਾਰੇ ’ਚ ਲੇਬਰ ਵਿਭਾਗ ਵਲੋਂ ਬੇਹੱਦ ਦੇਰੀ ਅਤੇ ਫ਼ੈਸਲੇ ’ਤੇ ਗੰਭੀਰ ਨੋਟਿਸ ਲਿਆ। ਉਪ ਰਾਜਪਾਲ ਨੇ ਹੁਕਮ ਦਿੱਤਾ ਕਿ ਦਿੱਲੀ ’ਚ ਨਿਵੇਸ਼ਕ ਅਤੇ ਕਾਰੋਬਾਰੀ ਅਨੁਕੂਲ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਅਰਜ਼ੀਆਂ ਦਾ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਨਿਪਟਾਰਾ ਕੀਤਾ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ’ਚ 300 ਤੋਂ ਵੱਧ ਅਦਾਰੇ ਅਗਲੇ ਹਫ਼ਤੇ ਤੋਂ 24 ਘੰਟੇ ਕੰਮ ਕਰਨਗੇ।