ਕੁੜੀ ਨੂੰ ਤਸਕਰੀ ਕਰ ਭੇਜਿਆ ਸਾਊਦੀ, ਮਾਂ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Tuesday, Feb 04, 2020 - 10:29 AM (IST)

ਤੇਲੰਗਾਨਾ— ਸਾਊਦੀ ਅਰਬ 'ਚ ਤੇਲੰਗਾਨਾ ਦੀ ਇਕ ਕੁੜੀ ਦੀ ਕਥਿਤ ਤੌਰ 'ਤੇ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬੇਟੀ ਦੀ ਮਾਂ ਨੇ ਰਿਆਦ 'ਚ ਮੌਜੂਦ ਭਾਰਤੀ ਦੂਤਘਰ ਤੋਂ ਮਦਦ ਮੰਗੀ ਹੈ। ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਪੀੜਤਾ ਦੀ ਮਾਂ ਨੇ ਕਿਹਾ ਕਿ 3 ਸਾਲ ਪਹਿਲਾਂ ਚਾਂਦ ਨਾਂ ਦੇ ਏਜੰਟ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਸਾਲ 2017 'ਚ ਸਾਊਦੀ ਅਰਬ 'ਚ ਮੇਰੀ ਬੇਟੀ ਨੂੰ ਬਿਊਟੀਸ਼ੀਅਨ ਦੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ। ਨਾਲ ਹੀ ਮੇਰੀ ਬੇਟੀ ਨੂੰ 20 ਤੋਂ 25 ਹਜ਼ਾਰ ਰੁਪਏ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ।
ਬੇਟੀ ਨੂੰ ਕੀਤਾ ਜਾ ਰਿਹਾ ਹੈ ਤੰਗ
ਬੇਟੀ ਦੀ ਮਾਂ ਨੇ ਦੱਸਿਆ ਕਿ ਕਿਉਂਕਿ ਅਸੀਂ ਉਸ ਦੌਰਾਨ ਆਰਥਿਕ ਰੂਪ ਤੋਂ ਮਜ਼ਬੂਤ ਨਹੀਂ ਸੀ ਅਤੇ ਮੇਰੇ ਪਤੀ ਦਾ ਦਿਹਾਂਤ ਹੋ ਗਿਆ ਸੀ, ਇਸ ਲਈ ਮੇਰੀ ਬੇਟੀ ਨੇ ਉਸ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਅਤੇ ਹੈਦਰਾਬਾਦ ਤੋਂ ਰਿਆਦ ਚੱਲੀ ਗਈ। ਪੀੜਤਾ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਏਜੰਟ ਨੇ ਮੇਰੀ ਬੇਟੀ ਨੂੰ ਦਮਾਮ ਸਿਟੀ 'ਚ ਨੌਕਰੀ ਦੇਣ ਦਾ ਵਾਅਦਾ ਕੀਤਾ ਪਰ ਦਮਾਮ ਭੇਜਣ ਦੀ ਬਜਾਏ ਏਜੰਟ ਨੇ ਮੇਰੀ ਬੇਟੀ ਨੂੰ ਰਿਆਦ 'ਚ ਰੱਖਿਆ ਹੋਇਆ ਹੈ, ਜਿੱਥੇ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ, ਇਹੀ ਨਹੀਂ ਬੇਟੀ ਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਹੈ।
16 ਸਾਲ ਦੀ ਉਮਰ 'ਚ ਹੋਈ ਸੀ ਤਸਕਰੀ
ਬੇਟੀ ਦੀ ਮਾਂ ਸੁਲਤਾਨਾ ਨੇ ਦੱਸਿਆ ਕਿ ਮੇਰੀ ਬੇਟੀ ਨੂੰ ਜਦੋਂ ਏਜੰਟ ਨੇ ਰਿਆਦ ਭੇਜਿਆ ਸੀ ਤਾਂ ਉਹ ਸਿਰਫ਼ 16 ਸਾਲ ਦੀ ਸੀ ਪਰ ਏਜੰਟ ਨੇ ਆਧਾਰ ਕਾਰਡ 'ਚ ਮੇਰੀ ਬੇਟੀ ਦੀ ਉਮਰ 16 ਸਾਲ ਦੀ ਬਜਾਏ 28 ਸਾਲ ਲਿਖਵਾਈ, ਜਿਸ ਦੀ ਭਣਕ ਸਾਨੂੰ ਨਹੀਂ ਲੱਗਣ ਦਿੱਤੀ ਪਰ ਉਸ ਸਮੇਂ ਮੇਰੀ ਬੇਟੀ ਦੀ ਉਮਰ 16 ਸਾਲ ਸੀ।
ਸਰਕਾਰ ਤੋਂ ਮੰਗੀ ਮਦਦ
ਸੁਲਤਾਨਾ ਨੇ ਕਿਹਾ,''ਮੈਂ ਆਪਣੀ ਬੇਟੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਅਤੇ ਰਿਆਦ 'ਚ ਮੌਜੂਦ ਭਾਰਤੀ ਦੂਤਘਰ ਨੂੰ ਅਪੀਲ ਕਰਦੀ ਹਾਂ ਕਿ ਉਹ ਸਾਡੀ ਮਦਦ ਕਰਨ ਅਤੇ ਮੇਰੀ ਬੇਟੀ ਨੂੰ ਬਚਾਉਣ ਅਤੇ ਸੁਰੱਖਿਅਤ ਘਰ ਵਾਪਸ ਲੈ ਆਉਣ।''