ਸੱਤਿਆਪਾਲ ਮਲਿਕ ਨੂੰ ਹਿਰਾਸਤ 'ਚ ਲੈਣ ਦੀਆਂ ਖ਼ਬਰਾਂ ਦਰਮਿਆਨ ਦਿੱਲੀ ਪੁਲਸ ਦਾ ਬਿਆਨ ਆਇਆ ਸਾਹਮਣੇ

Saturday, Apr 22, 2023 - 04:35 PM (IST)

ਸੱਤਿਆਪਾਲ ਮਲਿਕ ਨੂੰ ਹਿਰਾਸਤ 'ਚ ਲੈਣ ਦੀਆਂ ਖ਼ਬਰਾਂ ਦਰਮਿਆਨ ਦਿੱਲੀ ਪੁਲਸ ਦਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ (ਭਾਸ਼ਾ)- ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਹਿਰਾਸਤ 'ਚ ਨਹੀਂ ਲਿਆ ਹੈ। ਪੁਲਸ ਡਿਪਟੀ ਕਮਿਸ਼ਨਰ ਮਨੋਜ ਸੀ ਨੇ ਕਿਹਾ,''ਅਸੀਂ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਹਿਰਾਸਤ 'ਚ ਨਹੀਂ ਲਿਆ ਹੈ। ਉਹ ਆਪਣੇ ਸਮਰਥਕਾਂ ਨਾਲ ਆਰ.ਕੇ. ਪੁਰਮ ਥਾਣੇ 'ਚ ਆਪਣੀ ਇੱਛਾ ਨਾਲ ਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹ ਆਪਣੀ ਇੱਛਾ ਨਾਲ ਜਾ ਸਕਦੇ ਹਨ।'' ਇਕ ਹੋਰ ਅਧਿਕਾਰੀ ਨੇ ਕਿਹਾ,''ਆਰ.ਕੇ. ਪੁਰਮ ਦੇ ਐੱਮ.ਸੀ.ਡੀ. ਪਾਰਕ 'ਚ ਇਕ ਬੈਠਕ ਹੋਣੀ ਸੀ ਅਤੇ ਮਲਿਕ ਨੇ ਇਸ 'ਚ ਹਿੱਸਾ ਲੈਣਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਬੈਠਕ ਕਰਨ ਦੀ ਜਗ੍ਹਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਤੋਂ ਕੋਈ ਮਨਜ਼ੂਰੀ ਲਈ ਸੀ, ਜਿਸ ਤੋਂ ਬਾਅਦ ਮਲਿਕ ਅਤੇ ਉਨ੍ਹਾਂ ਦੇ ਸਮਰਥਕ ਉੱਥੋਂ ਚਲੇ ਗਏ ਅਤੇ ਬਾਅਦ 'ਚ ਸਾਬਕਾ ਰਾਜਪਾਲ ਖ਼ੁਦ ਥਾਣੇ ਆਏ।'' ਦਿੱਲੀ ਪੁਲਸ ਨੇ ਟਵਿੱਟਰ 'ਤੇ ਕਿਹਾ ਕਿ ਮਲਿਕ ਦੀ ਹਿਰਾਸਤ ਬਾਰੇ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ। ਇਕ ਟਵੀਟ 'ਚ ਕਿਹਾ ਗਿਆ,''ਸੱਤਿਆਪਾਲ ਮਲਿਕ ਨੂੰ ਹਿਰਾਸਤ 'ਚ ਲੈਣ ਦੇ ਸੰਬੰਧ 'ਚ ਕਈ ਸੋਸ਼ਲ ਮੀਡੀਆ ਹੈਂਡਲ 'ਤੇ ਗਲਤ ਸੂਚਨਾ ਫੈਲਾਈ ਜਾ ਰਹੀ ਹੈ। ਉਹ ਖੁਦ ਆਰ.ਕੇ. ਪੁਰਮ ਥਾਣਾ ਆਪਣੇ ਸਮਰਥਕਾਂ ਨਾਲ ਪਹੁੰਚੇ। ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਜਾਣ ਲਈ ਆਜ਼ਾਦ ਹਨ।''

PunjabKesari

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮਲਿਕ ਨੂੰ ਜੰਮੂ ਕਸ਼ਮੀਰ 'ਚ ਬੀਮਾ ਘਪਲੇ ਦੇ ਸਿਲਸਿਲੇ 'ਚ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ। 7 ਮਹੀਨਿਆਂ 'ਚ ਇਹ ਦੂਜੀ ਵਾਰ ਹੈ, ਜਦੋਂ ਵੱਖ-ਵੱਖ ਸੂਬਿਆਂ ਦੇ ਰਾਜਪਾਲ ਰਹਿ ਚੁੱਕੇ ਮਲਿਕ ਤੋਂ ਸੰਘੀਏ ਏਜੰਸੀ ਪੁੱਛ-ਗਿੱਛ ਕਰੇਗੀ। ਬਿਹਾਰ, ਜੰਮੂ ਕਸ਼ਮੀਰ, ਗੋਆ ਅਤੇ ਅੰਤ 'ਚ ਮੇਘਾਲਿਆ 'ਚ ਰਾਜਪਾਲ ਦੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਬਾਅਦ ਪਿਛਲੇ ਸਾਲ ਅਕਤੂਬਰ 'ਚ ਮਲਿਕ ਤੋਂ ਸੀ.ਬੀ.ਆਈ. ਅਧਿਕਾਰੀਆਂ ਨੇ ਪੁੱਛ-ਗਿੱਛ ਕੀਤੀ ਸੀ। ਮਲਿਕ ਵਲੋਂ 'ਦਿ ਵਾਇਰ' ਨੂੰ ਇਕ ਇੰਟਰਵਿਊ ਦਿੱਤੇ ਜਾਣ ਦੇ ਇਕ ਹਫ਼ਤੇ ਬਾਅਦ ਸੀ.ਬੀ.ਆਈ. ਨੇ ਇਹ ਕਦਮ ਚੁੱਕਿਆ। ਇੰਟਰਵਿਊ 'ਚ ਮਲਿਕ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬਾਰੇ ਅਲੋਚਨਾਤਮਕ ਟਿੱਪਣੀ ਕੀਤੀ ਸੀ, ਵਿਸ਼ੇਸ਼ ਰੂਪ ਨਾਲ ਜੰਮੂ ਕਸ਼ਮੀਰ ਨਾਲ ਨਜਿੱਠਣ ਦੇ ਸੰਬੰਧ 'ਚ, ਜਿੱਥੇ ਉਨ੍ਹਾਂ ਨੇ ਸਾਬਕਾ ਰਾਜ ਦੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਤੋਂ ਪਹਿਲਾਂ ਅੰਤਿਮ ਰਾਜਪਾਲ ਵਜੋਂ ਕੰਮ ਕੀਤਾ ਸੀ।

ਇਹ ਵੀ ਪੜ੍ਹੋ : ਸੱਤਿਆਪਾਲ ਮਲਿਕ ਨੂੰ CBI ਦਾ ਸੰਮਨ, ਸਾਬਕਾ ਰਾਜਪਾਲ ਨੇ ਕਿਹਾ - "ਕਿਸਾਨ ਦਾ ਪੁੱਤ ਹਾਂ, ਘਬਰਾਵਾਂਗਾ ਨਹੀਂ"


author

DIsha

Content Editor

Related News