UNESCO ਦੀ World Heritage List ''ਚ ਸ਼ਾਮਲ ਹੋਇਆ ਸਾਰਨਾਥ
Sunday, Jul 26, 2026 - 10:14 AM (IST)
ਨਵੀਂ ਦਿੱਲੀ- ਉੱਤਰ ਪ੍ਰਦੇਸ਼ ਸਥਿਤ ਭਾਰਤ ਦੇ ਪ੍ਰਾਚੀਨ ਬੁੱਧ ਸਥਾਨ ਸਾਰਨਾਥ ਨੂੰ ਸ਼ਨੀਵਾਰ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਹ ਫੈਸਲਾ ਦੱਖਣੀ ਕੋਰੀਆ ਦੇ ਬੁਸਾਨ ਵਿਚ ਚੱਲ ਰਹੇ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵਿਸ਼ਵ ਵਿਰਾਸਤ ਕਮੇਟੀ ਦੇ 48ਵੇਂ ਸੈਸ਼ਨ ਦੀ ਬੈਠਕ ਦੌਰਾਨ ਲਿਆ ਗਿਆ। ਯੂਨੈਸਕੋ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਨਵੀਂ ਨਾਮਜ਼ਦਗੀ : ਪ੍ਰਾਚੀਨ ਬੁੱਧ ਸਥਾਨ ਸਾਰਨਾਥ, ਭਾਰਤ। ਸਾਰਨਾਥ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਹੋਣ ਵਾਲਾ ਭਾਰਤ ਦਾ 45ਵਾਂ ਸਥਾਨ ਹੈ।
ਅਗਸਤ 2025 ਵਿਚ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਸੀ ਕਿ ਭਾਰਤ ਨੇ 2025-26 ਦੇ ਨਾਮਜ਼ਦਗੀ ਚੱਕਰ ਲਈ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ ਨੂੰ ‘ਪ੍ਰਾਚੀਨ ਬੁੱਧ ਸਥਾਨ, ਸਾਰਨਾਥ’ ਸਿਰਲੇਖ ਵਾਲਾ ਦਸਤਾਵੇਜ਼ ਭੇਜਿਆ ਹੈ। ਉਨ੍ਹਾਂ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ ਸੀ।
ਹਰ ਭਾਰਤੀ ਲਈ ਮਾਣ ਦਾ ਪਲ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਸਥਿਤ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਥਾਨ ਦਾ ਭਗਵਾਨ ਬੁੱਧ ਨਾਲ ਗੂੜ੍ਹਾ ਸਬੰਧ ਹੈ, ਜਿਨ੍ਹਾਂ ਦਾ ਗਿਆਨ, ਕਰੁਣਾ ਅਤੇ ਸਦਭਾਵਨਾ ਦਾ ਸ਼ਾਸ਼ਵਤ ਸੁਨੇਹਾ ਪੂਰੀ ਦੁਨੀਆ ਨੂੰ ਪ੍ਰੇਰਿਤ ਕਰਦਾ ਹੈ। ਵਾਰਾਣਸੀ ਤੋਂ ਲੱਗਭਗ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸਾਰਨਾਥ ਦੁਨੀਆ ਭਰ ਦੇ ਬੋਧੀਆਂ ਲਈ ਬਹੁਤ ਮਹੱਤਵਪੂਰਨ ਤੀਰਥ ਅਸਥਾਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਹਰ ਭਾਰਤੀ ਲਈ ਇਹ ਮਾਣ ਦਾ ਪਲ ਹੈ।
