ਸੰਜੇ ਸਿੰਘ ਨੂੰ 5 ਦਿਨਾਂ ਦੀ ED ਰਿਮਾਂਡ ''ਤੇ ਭੇਜਿਆ ਗਿਆ, ਰਾਊਜ਼ ਐਵੇਨਿਊ ਕੋਰਟ ਨੇ ਸੁਣਾਇਆ ਫੈਸਲਾ

Thursday, Oct 05, 2023 - 08:50 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸ਼ਰਾਬ ਘਪਲੇ 'ਚ ਈ.ਡੀ. ਨੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਸੀ। ਪੂਰੀ ਰਾਤ ਉਨ੍ਹਾਂ ਨੂੰ ਈ.ਡੀ. ਦੇ ਹੈੱਡਕੁਆਟਰ 'ਚ ਰੱਖਣ ਤੋਂ ਬਾਅਦ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਸੰਜੇ ਸਿੰਘ ਨੂੰ 5 ਦਿਨਾਂ ਦੀ ਈ.ਡੀ. ਰਿਮਾਂਡ 'ਤੇ ਭੇਜ ਦਿੱਤਾ ਹੈ। ਈ.ਡੀ. ਨੇ ਕੋਰਟ ਕੋਲੋਂ ਸੰਜੇ ਸਿੰਘ ਦੀ 10 ਦਿਨਾਂ ਦੀ ਰਿਮਾਂਡ ਮੰਗੀ ਸੀ। ਈ.ਡੀ. ਨੇ ਅਦਾਲਤ ਨੂੰ ਦੱਸਿਆ ਕਿ ਬੁੱਧਵਾਰ ਨੂੰ 'ਆਪ' ਨੇਤਾ ਸੰਜੇ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦਾ ਬਿਆਨ ਵੀ ਰਿਕਾਰਡ ਕੀਤਾ ਗਿਆ। ਜਾਂਚ ਏਜੰਸੀ ਨੇ ਇਹ ਕਹਿੰਦੇ ਹੋਏ ਸੰਜੇ ਸਿੰਘ ਦੀ ਰਿਮਾਂਡ ਮੰਗੀ ਕਿ ਈ.ਡੀ. ਨੂੰ ਡਿਜੀਟਲ ਸਬੂਤਾਂ ਦੇ ਨਾਲ ਸੰਜੇ ਸਿੰਘ ਦਾ ਆਹਮਣਾ-ਸਾਹਮਣਾ ਕਰਨਾ ਹੈ।

'ਆਪ' ਨੇਤਾ ਵੱਲੋਂ ਸੀਨੀਅਰ ਵਕੀਲ ਮੋਹਿਤ ਮਾਥੁਰ ਪੇਸ਼ ਹੋਏ ਅਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚਲਦੀ ਰਹੇਗੀ ਅਤੇ ਕਦੇ ਖਤਮ ਨਹੀਂ ਹੋਵੇਗੀ। ਦਿਨੇਸ਼ ਅਰੋੜਾ ਜੋ ਕਿ ਹੁਣ ਇਕ ਮੁੱਖ ਗਵਾਹ ਹਨ, ਉਨ੍ਹਾਂ ਨੂੰ ਪਹਿਲਾਂ ਦੋਵਾਂ ਏਜੰਸੀਆਂ ਨੇ ਦੋਸ਼ੀ ਬਣਾਇਆ ਸੀ ਅਤੇ ਬਾਅਦ 'ਚ ਉਹ ਮਾਮਲੇ 'ਚ ਸਰਕਾਰੀ ਗਵਾਹ ਬਣ ਗਏ। 

ਸੰਜੇ ਸਿੰਘ ਦੇ ਵਕੀਲ ਨੇ ਈ.ਡੀ. ਦੀ ਰਿਮਾਂਡ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੋ ਵਿਅਕਤੀ ਇਸ ਮਾਮਲੇ ਨਾਲ ਜੁੜਿਆ ਹੀ ਨਹੀਂ, ਉਸ ਲਈ 10 ਦਿਨਾਂ ਦੀ ਰਿਮਾਂਡ ਦੀ ਮੰਗ ਕਰਨਾ ਬੇਈਮਾਨੀ ਹੈ। ਇਸ ਵਿਚਕਾਰ ਅਦਾਲਤ 'ਚ ਪੇਸ਼ ਹੋਣ ਤੋਂ ਪਹਿਲਾਂ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਮੋਦੀ ਜੀ ਦਾ ਅਨਿਆਂ ਹੈ ਅਤੇ ਉਹ ਚੋਣਾਂ ਹਾਰ ਜਾਣਗੇ।

ਜ਼ਿਕਰਯੋਗ ਹੈ ਕਿ ਸੰਜੇ ਸਿੰਘ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਤੇ ਈ.ਡੀ. ਅਧਿਕਾਰੀਆਂ ਨੇ 10 ਘੰਟਿਆਂ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਬੁੱਧਵਾਰ ਨੂੰ ਈ.ਡੀ. ਦਫਤਰ ਲਿਆਇਆ ਗਿਆ।


Rakesh

Content Editor

Related News