ਸੰਜੇ ਸਿੰਘ ਨੂੰ ਨਹੀਂ ਮਿਲੀ ਕੇਜਰੀਵਾਲ ਨੂੰ ਮਿਲਣ ਦੀ ਆਗਿਆ, ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ

Wednesday, Sep 04, 2024 - 02:30 PM (IST)

ਸੰਜੇ ਸਿੰਘ ਨੂੰ ਨਹੀਂ ਮਿਲੀ ਕੇਜਰੀਵਾਲ ਨੂੰ ਮਿਲਣ ਦੀ ਆਗਿਆ, ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ

ਨਵੀਂ ਦਿੱਲੀ- ਦਿੱਲੀ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਸੀ. ਬੀ. ਆਈ. ਕੇਸ 'ਚ ਤਿਹਾੜ ਜੇਲ੍ਹ 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਆਗੂ ਸੰਜੇ ਸਿੰਘ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਜੇਲ੍ਹ 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਨਹੀਂ ਦਿੱਤੀ ਜਾ ਰਹੀ ਹੈ। ਪਟੀਸ਼ਨ ਵਿਚ ਸੰਜੇ ਸਿੰਘ ਨੇ ਕੋਰਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੇਜਰੀਵਾਲ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ।

ਸੰਜੇ ਸਿੰਘ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਵਿਚ ਦਾਇਰ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਸੰਜੇ ਨੇ ਕਿਹਾ ਕਿ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਆਧਾਰ 'ਤੇ ਜੇਲ੍ਹ ਵਿਚ ਕੇਜਰੀਵਾਲ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਕਿ ਉਹ ਸਾਬਕਾ ਕੈਦੀ ਹਨ। ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਨੇ ਜੇਲ੍ਹ ਅਧਿਕਾਰੀਆਂ ਨੂੰ ਪਟੀਸ਼ਨ 'ਤੇ ਜਵਾਬ ਦਾਇਰ ਕਰਨ ਲਈ 3 ਦਿਨ ਦਾ ਸਮਾਂ ਦਿੱਤਾ ਅਤੇ ਮਾਮਲੇ ਦੀ ਸੁਣਵਾਈ 9 ਸਤੰਬਰ ਨੂੰ ਤੈਅ ਕੀਤੀ ਹੈ।

ਪਟੀਸ਼ਨ 'ਚ ਸੰਜੇ ਸਿੰਘ ਦੀ ਦਲੀਲ

ਦੱਸ ਦੇਈਏ ਕਿ ਕੇਜਰੀਵਾਲ ਆਬਕਾਰੀ ਨੀਤੀ ਘਪਲੇ ਵਿਚ ਨਿਆਂਇਕ ਹਿਰਾਸਤ ਵਿਚ ਤਿਹਾੜ ਜੇਲ੍ਹ 'ਚ ਬੰਦ ਹਨ। ਸੁਣਵਾਈ ਦੌਰਾਨ ਸੰਜੇ ਸਿੰਘ ਦੇ ਵਕੀਲ ਰਾਹੁਲ ਮੇਹਰਾ ਨੇ ਕਿਹਾ ਕਿ ਉਨ੍ਹਾਂ ਦੇ ਮੁਵਕਿੱਲ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਇਸ ਆਧਾਰ 'ਤੇ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ ਕਿ ਉਹ ਸਾਬਕਾ ਕੈਦੀ ਹਨ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਜਿਸ ਤਰ੍ਹਾਂ ਨਾਲ ਮਾਮਲੇ ਨਾਲ ਨਜਿੱਠ ਰਹੇ ਹਨ, ਉਹ ਸਥਿਤੀ ਹੈਰਾਨ ਕਰਨ ਵਾਲੀ ਹੈ। ਸੰਜੇ ਮੁਤਾਬਕ ਮੈਂ ਇਕ ਵਿਚਾਰ ਅਧੀਨ ਕੈਦੀ ਅਤੇ ਮੌਜੂਦਾ ਸੰਸਦ ਮੈਂਬਰ ਹਾਂ ਅਤੇ ਮੈਂ ਹਲਫ਼ਨਾਮਾ ਦੇ ਰਿਹਾ, ਜਿਸ ਦਾ ਮੈਂ ਉਲੰਘਣ ਨਹੀਂ ਕਰਾਂਗਾ।

ਮੇਹਰਾ ਨੇ ਕਿਹਾ ਕਿ ਸਿੰਘ ਨੇ ਆਹਮਣੇ-ਸਾਹਮਣੇ ਦੀ ਮੁਲਾਕਾਤ ਤੋਂ ਇਨਕਾਰ ਦੇ ਵਿਸ਼ੇ ਵਿਚ ਜੇਲ੍ਹ ਅਧਿਕਾਰੀਆਂ ਨੇ ਦਿੱਲੀ ਜੇਲ੍ਹ ਨਿਯਮ 588 ਦਾ ਹਵਾਲਾ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਾਬਕਾ ਕੈਦੀ ਅਤੇ ਅਪਰਾਧੀ, ਜੋ ਜੇਲ੍ਹ ਵਿਚ ਬੰਦ ਆਪਣੇ ਦੋਸਤਾਂ ਨੂੰ ਮਿਲਣ ਲਈ ਬੇਨਤੀ ਕਰਦੇ ਹਨ। ਉਨ੍ਹਾਂ ਨੂੰ ਸੁਪਰਡੈਂਟ ਵਲੋਂ ਉਦੋਂ ਤੱਕ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਜਦੋਂ ਤੱਕ ਕਿ ਮਿਲਣ ਦਾ ਕੋਈ ਅਸਲ ਕਾਰਨ ਨਾ ਹੋਵੇ। ਦੱਸ ਦੇਈਏ ਕਿ ਸੰਜੇ ਸਿੰਘ ਜੋ ਈਡੀ ਵਲੋਂ ਦਰਜ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਇਸਤਗਾਸਾ ਦਾ ਸਾਹਮਣਾ ਕਰ ਰਹੇ ਹਨ, ਨੂੰ 2 ਅਪ੍ਰੈਲੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। 


author

Tanu

Content Editor

Related News