ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਸੰਮੇਦ ਸ਼ਿਖਰ ਨਹੀਂ ਬਣੇਗਾ ਸੈਰਗਾਹ
Friday, Jan 06, 2023 - 11:41 AM (IST)
ਨਵੀਂ ਦਿੱਲੀ (ਏਜੰਸੀਆਂ)- ਝਾਰਖੰਡ ਦੇ ਪਾਰਸਨਾਥ ’ਚ ਸਥਿਤ ਜੈਨ ਭਾਈਚਾਰੇ ਦੇ ਪਵਿੱਤਰ ਤੀਰਥ ਸਥਾਨ ਸੰਮੇਦ ਸ਼ਿਖਰ ’ਤੇ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਕੇਂਦਰ ਮੁਤਾਬਕ ਇਹ ਤੀਰਥ ਹੁਣ ਸੈਰਗਾਹ ਨਹੀਂ ਬਣੇਗਾ। ਕੇਂਦਰੀ ਚੌਗਿਰਦਾ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਸਾਰੀਆਂ ਸੈਰ-ਸਪਾਟਾ ਤੇ ਈਕੋ ਟੂਰਿਜ਼ਮ ਸਰਗਰਮੀਆਂ ’ਤੇ ਰੋਕ ਲਾਉਣ ਦੇ ਹੁਕਮ ਦਿੱਤੇ ਗਏ ਹਨ। ਕੇਂਦਰੀ ਚੌਗਿਰਦਾ ਮੰਤਰੀ ਭੁਪਿੰਦਰ ਯਾਦਵ ਨੇ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਨੇ 3 ਸਾਲ ਪਹਿਲਾਂ ਜਾਰੀ ਕੀਤਾ ਗਿਆ ਆਪਣਾ ਹੁਕਮ ਵਾਪਸ ਲੈ ਲਿਆ ਹੈ। ਭਾਰਤ ਸਰਕਾਰ ਦੇ ਚੌਗਿਰਦਾ ਮੰਤਰਾਲਾ ਵੱਲੋਂ 5 ਜਨਵਰੀ ਨੂੰ ਜਾਰੀ 2 ਸਫਿਆਂ ਦੀ ਚਿੱਠੀ ਦੇ ਦੂਜੇ ਸਫ਼ੇ ’ਤੇ ਲਿਖਿਆ ਗਿਆ ਹੈ-‘‘ਈਕੋ ਸੈਂਸੀਟਿਵ ਜ਼ੋਨ ਨੋਟੀਫਿਕੇਸ਼ਨ ਦੇ ਸੈਕਸ਼ਨ-3 ਦੀਆਂ ਵਿਵਸਥਾਵਾਂ ਨੂੰ ਅਮਲ ’ਚ ਲਿਆਂਦੇ ਜਾਣ ’ਤੇ ਰੋਕ ਲਾਈ ਜਾਂਦੀ ਹੈ, ਜਿਸ ਵਿਚ ਹੋਰ ਸਾਰੀਆਂ ਸੈਰ-ਸਪਾਟਾ ਤੇ ਈਕੋ-ਟੂਰਿਜ਼ਮ ਸਰਗਰਮੀਆਂ ਸ਼ਾਮਲ ਹਨ। ਸੂਬਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਹੁਕਮ ਦਿੱਤਾ ਜਾਂਦਾ ਹੈ।’’ ਕੇਂਦਰ ਸਰਕਾਰ ਨੇ ਨਿਗਰਾਨੀ ਕਮੇਟੀ ਬਣਾਈ ਹੈ ਅਤੇ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਇਸ ਕਮੇਟੀ ’ਚ ਸ਼ਾਮਲ ਹੋਣ ਲਈ ਜੈਨ ਭਾਈਚਾਰੇ ’ਚੋਂ 2 ਮੈਂਬਰਾਂ ਅਤੇ ਸਥਾਨਕ ਜਨਜਾਤੀ ਸਮੂਹ ਵਿਚੋਂ ਇਕ ਮੈਂਬਰ ਨੂੰ ਸਥਾਈ ਮੈਂਬਰ ਵਜੋਂ ਸੱਦਾ ਦੇਵੇ।
ਫ਼ੈਸਲੇ ਦੇ ਖ਼ਿਲਾਫ਼ ਅੰਦੋਲਨ ਕਰ ਰਿਹਾ ਸੀ ਜੈਨ ਭਾਈਚਾਰਾ
ਸੰਮੇਦ ਸ਼ਿਖਰ ਨੂੰ ਸੈਰਗਾਹ ਐਲਾਨੇ ਜਾਣ ਖਿਲਾਫ ਪਿਛਲੇ ਕੁਝ ਦਿਨਾਂ ਤੋਂ ਜੈਨ ਭਾਈਚਾਰਾ ਅੰਦੋਲਨ ਕਰ ਰਿਹਾ ਸੀ। ਇਸ ਦੇ ਖਿਲਾਫ ਕਈ ਜੈਨ ਮੁਨੀਆਂ ਨੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਸੀ, ਜਿਸ ਦੌਰਾਨ ਜੈਨ ਮੁਨੀ ਸੁਗਯੇਯਸਾਗਰ ਮਹਾਰਾਜ ਨੇ ਮੰਗਲਵਾਰ ਨੰ ਪ੍ਰਾਣ ਤਿਆਗ ਦਿੱਤੇ ਸਨ।
ਜੈਨੀਆਂ ਦਾ ਪਵਿੱਤਰ ਤੀਰਥ ਹੈ ਸੰਮੇਦ ਸ਼ਿਖਰ
ਸੰਮੇਦ ਸ਼ਿਖਰ ਜੈਨੀਆਂ ਦਾ ਪਵਿੱਤਰ ਤੀਰਥ ਹੈ। ਜੈਨ ਭਾਈਚਾਰੇ ਨਾਲ ਸਬੰਧਤ ਲੋਕ ਸੰਮੇਦ ਸ਼ਿਖਰ ਦੇ ਕਣ-ਕਣ ਨੂੰ ਪਵਿੱਤਰ ਮੰਨਦੇ ਹਨ। ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ’ਚ ਪਾਰਸਨਾਥ ਪਹਾੜੀ ’ਤੇ ਸਥਿਤ ਸੰਮੇਦ ਸ਼ਿਖਰ ਨੂੰ ਪਾਰਸਨਾਥ ਪਰਬਤ ਵੀ ਕਿਹਾ ਜਾਂਦਾ ਹੈ। ਇਹ ਸਥਾਨ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਵੱਡੀ ਗਿਣਤੀ ’ਚ ਹਿੰਦੂ ਵੀ ਇਸ ਨੂੰ ਆਸਥਾ ਦਾ ਵੱਡਾ ਕੇਂਦਰ ਮੰਨਦੇ ਹਨ। ਜੈਨ ਭਾਈਚਾਰੇ ਦੇ ਲੋਕ ਸੰਮੇਦ ਸ਼ਿਖਰ ਦੇ ਦਰਸ਼ਨ ਕਰਦੇ ਹਨ ਅਤੇ 27 ਕਿਲੋਮੀਟਰ ਦੇ ਖੇਤਰ ’ਚ ਫ਼ੈਲੇ ਮੰਦਰਾਂ ’ਚ ਪੂਜਾ ਕਰਦੇ ਹਨ। ਇੱਥੇ ਪਹੁੰਚਣ ਵਾਲੇ ਲੋਕ ਪੂਜਾ-ਪਾਠ ਤੋਂ ਬਾਅਦ ਹੀ ਕੁਝ ਖਾਂਦੇ ਹਨ।