ਸੰਭਲ ਹਿੰਸਾ: ਜ਼ਿਲ੍ਹੇ ''ਚ ਬਾਹਰੀ ਲੋਕਾਂ ਦੀ ਐਂਟਰੀ ''ਤੇ 10 ਦਸੰਬਰ ਤੱਕ ਰੋਕ
Saturday, Nov 30, 2024 - 11:41 AM (IST)
ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ 'ਚ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਪਥਰਾਅ ਅਤੇ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ 10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਲਾਕੇ ਵਿਚ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਰਾਜਪਾਲ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ।
ਸ਼ਾਂਤੀ ਬਣਾ ਕੇ ਰੱਖਣ ਲਈ ਚੁੱਕਿਆ ਕਦਮ
ਜਾਮਾ ਮਸਜਿਦ ਦੇ ਸਰਵੇਖਣ ਤੋਂ ਬਾਅਦ ਭੜਕੀ ਹਿੰਸਾ ਦੇ ਵਿਚਕਾਰ ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਵਿਚ 10 ਦਸੰਬਰ ਤੱਕ ਬਾਹਰੀ ਵਿਅਕਤੀਆਂ, ਸਮਾਜਿਕ ਸੰਸਥਾਵਾਂ ਅਤੇ ਜਨਤਕ ਨੁਮਾਇੰਦਿਆਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਸੰਭਲ ਦੇ ਜ਼ਿਲ੍ਹਾ ਮੈਜਿਸਟਰੇਟ ਰਾਜਿੰਦਰ ਪੈਨਸੀਆ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ, ਸਮਾਜਿਕ ਸੰਗਠਨ ਜਾਂ ਜਨ ਪ੍ਰਤੀਨਿਧੀ ਨੂੰ ਸਮਰੱਥ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਜ਼ਿਲ੍ਹੇ ਦੀ ਸੀਮਾ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਦਮ ਦਾ ਉਦੇਸ਼ ਖੇਤਰ 'ਚ ਸ਼ਾਂਤੀ ਬਣਾਈ ਰੱਖਣਾ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨੂੰ ਟਾਲਣਾ ਹੈ।
ਜਾਮਾ ਮਸਜਿਦ ਦੇ ਸਰਵੇਖਣ ਤੋਂ ਬਾਅਦ ਹਿੰਸਾ ਭੜਕੀ
19 ਨਵੰਬਰ ਨੂੰ ਸਥਾਨਕ ਅਦਾਲਤ ਨੇ ਸ਼ਾਹੀ ਜਾਮਾ ਮਸਜਿਦ ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। ਕੁਝ ਪਟੀਸ਼ਨਰਾਂ ਨੇ ਅਦਾਲਤ 'ਚ ਦਾਅਵਾ ਕੀਤਾ ਕਿ ਮਸਜਿਦ ਵਾਲੀ ਥਾਂ 'ਤੇ ਪਹਿਲਾਂ ਹਰੀਹਰ ਮੰਦਰ ਸੀ। ਇਸ ਹੁਕਮ ਤੋਂ ਬਾਅਦ 24 ਨਵੰਬਰ ਨੂੰ ਹਿੰਸਾ ਭੜਕ ਗਈ ਸੀ, ਜਿਸ 'ਚ ਪਥਰਾਅ ਦੀਆਂ ਘਟਨਾਵਾਂ 'ਚ 5 ਲੋਕ ਮਾਰੇ ਗਏ ਸਨ ਅਤੇ ਪੁਲਸ ਕਰਮਚਾਰੀਆਂ ਸਮੇਤ ਕਈ ਜ਼ਖਮੀ ਹੋ ਗਏ ਸਨ।
ਸ਼ਾਂਤੀ ਅਤੇ ਨਿਰਪੱਖਤਾ ਯਕੀਨੀ ਬਣਾਈ ਜਾਵੇ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੂੰ ਸੰਭਲ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਸ਼ਾਹੀ ਜਾਮਾ ਮਸਜਿਦ ਦੀ ਸਰਵੇ ਰਿਪੋਰਟ ਨੂੰ ਸੀਲ ਰੱਖਿਆ ਜਾਵੇ ਅਤੇ ਸਥਾਨਕ ਅਦਾਲਤ ਵਿੱਚ ਇਸ ਕੇਸ ਦੀ ਕਾਰਵਾਈ ਫਿਲਹਾਲ ਲਈ ਮੁਲਤਵੀ ਕੀਤੀ ਜਾਵੇ। ਮਸਜਿਦ ਪ੍ਰਬੰਧਕ ਕਮੇਟੀ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ, “ਅਸੀਂ ਨਹੀਂ ਚਾਹੁੰਦੇ ਕਿ ਕੋਈ ਗਲਤ ਕਦਮ ਚੁੱਕਿਆ ਜਾਵੇ।